- ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ – ਅਮਰੀਕੀ ਜਹਾਜ਼ ਨੂੰ ਅੰਮ੍ਰਿਤਸਰ ਵਿਖੇ ਉਤਾਰਨਾ ਕੇਂਦਰ ਸਰਕਾਰ ਦੀ ਪੰਜਾਬ ਦਾ ਅਕਸ ਖਰਾਬ ਕਰਨ ਦੀ ਸਾਜਿਸ਼
ਪਟਿਆਲਾ, 7 ਫਰਵਰੀ 2025 – ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਅਮਰੀਕਾ ਤੋਂ 104 ਭਾਰਤੀਆਂ ਨੂੰ ਡਿਪੋਰਟ ਕਰਨ ਨੂੰ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ ਅਮਰੀਕਾ ਤੋਂ ਫੌਜੀ ਜਹਾਜ਼ ਵਿੱਚ ਵਾਪਸ ਭੇਜੇ ਭਾਰਤੀਆਂ ਨੂੰ ਕੈਦੀਆਂ ਵਾਂਗ ਹਥਕੜੀਆਂ ਅਤੇ ਬੇੜੀਆਂ ਲਗਾਉਣਾ ਬੜਾ ਹੀ ਮੰਦਭਾਗਾ ਹੈ। ਇਸ ਘਟਨਾ ਨੇ ਸਾਰੀ ਦੁਨਿਆ ਵਿੱਚ ਭਾਰਤ ਦਾ ਸਿਰ ਨੀਵਾਂ ਕੀਤਾ ਹੈ ਅਤੇ ਭਾਰਤੀਆਂ ਨੂੰ ਅਪਮਾਨਿਤ ਕੀਤਾ ਹੈ।
ਬਰਸਟ ਨੇ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਹਿਰੀ ਦੋਸਤੀ ਦੀਆਂ ਗੱਲਾਂ ਕਰਦੇ ਹਨ ਅਤੇ ਦੂਜੇ ਪਾਸੇ ਅਮਰੀਕਾ ਤੋਂ ਹੀ ਭਾਰਤੀਆਂ ਨੂੰ ਵਾਪਸ ਭੇਜੇ ਜਾਣ ਸਬੰਧੀ ਕੁਝ ਨਹੀਂ ਕਰ ਸਕੇ। ਇਸ ਤੋਂ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ ਅਤੇ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇਸ਼ ਦੇ ਫੌਜੀ ਜਹਾਜ਼ ਨੂੰ ਇਸ ਦੇਸ਼ ਵਿੱਚ ਉਤਰਨ ਦੀ ਇਜਾਜਤ ਦੇਣ ਤੋਂ ਸਾਫ਼ ਜਾਪਦਾ ਹੈ ਕਿ ਇਹ ਸਰਮਾਏਦਾਰੀ ਅੱਗੇ ਸਰੈਂਡਰ ਕਰ ਚੁੱਕੇ ਹਨ ਅਤੇ ਅਮਰੀਕਾ ਵਰਗੇ ਦੇਸ਼ ਅੱਗੇ ਮੋਦੀ ਸਰਕਾਰ ਦਾ ਜੋਰ ਨਹੀਂ ਚਲਦਾ।
ਸੂਬਾ ਜਨਰਲ ਸਕੱਤਰ ਨੇ ਅਮਰੀਕੀ ਫੌਜੀ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਾਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜਾਣਬੂਝ ਕੇ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੱਦਕਿ ਅਮਰੀਕਾ ਤੋਂ ਵਾਪਸ ਭੇਜੇ ਗਏ ਭਾਰਤੀਆਂ ਵਿੱਚ ਜਿਆਦਾਤਰ ਗੁਜਰਾਤ ਅਤੇ ਹਰਿਆਣਾ ਤੋਂ ਹਨ, ਪਰ ਫਿਰ ਵੀ ਜਹਾਜ਼ ਨੂੰ ਪੰਜਾਬ ਵਿੱਚ ਹੀ ਕਿਉਂ ਉਤਾਰਿਆ ਗਿਆ।
![](https://thekhabarsaar.com/wp-content/uploads/2022/09/future-maker-3.jpeg)
ਉਨ੍ਹਾਂ ਕਿਹਾ ਕਿ ਉਂਝ ਤਾਂ ਇੰਟਰਨੈਸ਼ਨਲ ਫਲਾਇਟ੍ਸ ਨੂੰ ਇੰਟਰਨੈਸ਼ਨਲ ਹਵਾਈ ਅੱਡਿਆਂ ਤੇ ਚਾਹੇ ਉਹ ਚੰਡੀਗੜ੍ਹ ਹੋਵੇ ਜਾਂ ਅੰਮ੍ਰਿਤਸਰ, ਉਤਾਰਨ ਦੀ ਇਜਾਜਤ ਨਹੀਂ ਦਿੱਤੀ ਜਾਂਦੀ, ਪਰ ਅਮਰੀਕਾ ਦੇ ਇਸ ਫੌਜੀ ਜਹਾਜ਼ ਨੂੰ ਅੰਮ੍ਰਿਤਸਰ ਉਤਾਰਿਆ ਗਿਆ ਹੈ, ਇਹ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਨਫ਼ਰਤ ਫੈਲਾਉਣ ਅਤੇ ਅਪਮਾਨ ਕਰਨ ਵਾਲੀ ਗੱਲ ਹੋਈ ਹੈ ਅਤੇ ਇਸ ਨਾਲ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਫ਼ਰਤ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰਨ ਅਤੇ ਅਮਰੀਕਾ ਦੇ ਭਾਰਤੀਆਂ ਪ੍ਰਤੀ ਰਵਈਆ ਦੀ ਜਵਾਬਦੇਹੀ ਮੰਗਣ।
![](https://thekhabarsaar.com/wp-content/uploads/2020/12/future-maker-3.jpeg)