- ਕਤਲ ਦੇ ਮਾਮਲੇ ਵਿੱਚ ਉਮਰ ਕੈਦ ਹੋਈ ਸੀ।
ਹੁਸ਼ਿਆਰਪੁਰ, 2 ਮਾਰਚ 2023 – ਹੁਸ਼ਿਆਰਪੁਰ ਵਿੱਚ ਸਥਿਤ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਨੇ ਆਤਮ ਹੱਤਿਆ ਕਰ ਲਈ। ਕੈਦੀ ਨੇ ਬਾਥਰੂਮ ਦੀ ਖਿੜਕੀ ਦੀ ਗ੍ਰਿਲ ਨਾਲ ਕੱਪੜਾ ਬੰਨ੍ਹ ਫਾਹਾ ਲਾ ਕੇ ਖੁਦਕੁਸ਼ੀ ਕੀਤੀ। ਆਤਮ ਹੱਤਿਆ ਕਰਨ ਵਾਲਾ ਕੈਦੀ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੀ। ਅਦਾਲਤ ਤੋਂ ਉਸ ਨੂੰ ਉਮਰਕੈਦ ਦੀ ਸਜਾ ਹੋਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਲੜਕੇ ‘ਤੇ ਗ਼ਲਤ ਕੇਸ ਬਣਾਇਆ ਗਿਆ ਸੀ, ਜਿਸ ਕਾਰਨ ਉਸ ਨੇ ਪਰੇਸ਼ਾਨ ਹੋ ਕੇ ਇਹ ਕੰਮ ਕੀਤਾ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰੋਹਿਤ ਵਸ਼ਿਸ਼ਟ ਨੇ ਪਹਿਲਾਂ ਜੇਲ੍ਹ ‘ਚ ਹੀ ਕੱਪੜਿਆਂ ਨੂੰ ਰੱਸੀ ਦੀ ਤਰ੍ਹਾਂ ਬਣਾਇਆ। ਇਸ ਤੋਂ ਬਾਅਦ ਰਾਤ ਨੂੰ ਜਦੋਂ ਸਾਰੇ ਕੈਦੀ ਬੈਰਕ ਵਿੱਚ ਸੁੱਤੇ ਪਏ ਸਨ ਤਾਂ ਉਹ ਲੁਕ-ਛਿਪ ਕੇ ਬਾਥਰੂਮ ਚਲਾ ਗਿਆ। ਉਸ ਨੇ ਬਾਥਰੂਮ ਦੀ ਖਿੜਕੀ ਦੀ ਗਰਿੱਲ ਤੋਂ ਫਾਹਾ ਬਣਾ ਕੇ ਉਸ ਨਾਲ ਫਾਹਾ ਲੈ ਲਿਆ। ਸਵੇਰੇ ਜਦੋਂ ਕੈਦੀ ਉੱਠ ਕੇ ਟਾਇਲਟ ਗਏ ਤਾਂ ਉਨ੍ਹਾਂ ਨੇ ਰੋਹਿਤ ਨੂੰ ਫਾਹੇ ਨਾਲ ਲਟਕਦਾ ਦੇਖਿਆ।
ਰੋਹਿਤ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਕੈਦੀਆਂ ਨੇ ਤੁਰੰਤ ਜੇਲ੍ਹ ਸਟਾਫ ਨੂੰ ਸੂਚਨਾ ਦਿੱਤੀ। ਜੇਲ੍ਹ ਮੁਲਾਜ਼ਮਾਂ ਨੇ ਪੁਲੀਸ ਨੂੰ ਬੁਲਾ ਕੇ ਉਸ ਦੀ ਲਾਸ਼ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸਿਵਲ ਹਸਪਤਾਲ ਪੁੱਜੇ ਰਿਸ਼ਤੇਦਾਰਾਂ ਨੇ ਦੱਸਿਆ ਕਿ 2020 ਵਿੱਚ ਕਤਲ ਹੋ ਗਿਆ ਸੀ। ਉਸ ਮਾਮਲੇ ਵਿੱਚ ਪੁਲੀਸ ਨੇ ਸਿਰਫ਼ ਇੱਕਤਰਫ਼ਾ ਕਾਰਵਾਈ ਕੀਤੀ।

ਪੁਲਿਸ ਨੇ ਕਤਲ ਦੇ ਕਾਰਨਾਂ ਦੀ ਬਿਲਕੁਲ ਵੀ ਜਾਂਚ ਨਹੀਂ ਕੀਤੀ ਅਤੇ ਨਾ ਹੀ ਰੋਹਿਤ ਦਾ ਪੱਖ ਸੁਣਿਆ। ਹਾਲ ਹੀ ‘ਚ ਪੁਲਸ ਰਿਪੋਰਟ ਦੇ ਆਧਾਰ ‘ਤੇ ਰੋਹਿਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਜੇ ਉਹ ਕੇਸ ਨੂੰ ਉੱਚ ਅਦਾਲਤ ਵਿੱਚ ਲਿਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਉਸ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਜੇਲ੍ਹ ਵਿੱਚ ਸਿਰਫ਼ ਉਸਦੀ ਮਾਂ ਹੀ ਉਸਨੂੰ ਮਿਲਣ ਆਉਂਦੀ ਸੀ। ਰੋਹਿਤ ਨੇ ਉਸ ਨੂੰ ਵੀ ਮਿਲਣ ਆਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
