ਮੋਗਾ, 5 ਅਪ੍ਰੈਲ 2024 – ਸਥਾਨਕ ਜੇਲ੍ਹ ਦੇ 4 ਕੈਦੀਆਂ, ਜਿੰਨ੍ਹਾਂ ਨੂੰ ਸਰਕਾਰੀ ਬੱਸ ਰਾਹੀਂ ਮੋਗਾ ਪੁਲਸ ਨਿਗਰਾਨੀ ਹੇਠ ਅਦਾਲਤ ਮੋਗਾ ਵਿਖੇ ਪੇਸ਼ੀ ਭੁਗਤਾਉਣ ਲਈ ਲਿਜਾਇਆ ਸੀ, ਰਸਤੇ ਵਿੱਚ ਹੀ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇੱਕ ਕੈਦੀ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ’ਤੇ ਜ਼ਖਮੀ ਕੈਦੀ ਜੋ ਇਸ ਵੇਲੇ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਜੇਰੇ ਇਲਾਜ ਹੈ, ਦੇ ਬਿਆਨਾਂ ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਲਾਜ ਅਧੀਨ ਜੇਲ੍ਹ ਦੇ ਬੰਦੀ ਜਸਲਵਪ੍ਰੀਤ ਸਿੰਘ ਜੋ ਮੋਗਾ ਦਾ ਰਹਿਣ ਵਾਲਾ ਹੈ ਅਤੇ ਥਾਣਾ ਮੋਗਾ-2 ਵਿੱਚ ਦਰਜ ਮੁਕੱਦਮਾ ਨੰਬਰ 17 ਜੋ ਇਸ’ਤੇ ਬੀਤੀ 18 ਫ਼ਰਵਰੀ 2021 ਵਿੱਚ ਅਧੀਨ ਧਾਰਾ 302,34,188 ਆਈ.ਪੀ.ਸੀ ਤਹਿਤ ਦਰਜ ਕੀਤਾ ਗਿਆ ਸੀ, ਫ਼ਰੀਦਕੋਟ ਜੇਲ੍ਹ ਵਿੱਚ ਬੰਦ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੋਗਾ ਦੇ ਪੁਲਸ ਕਰਮਚਾਰੀ ਜਦ ਫ਼ਰੀਦਕੋਟ ਜੇਲ ਵਿੱਚੋਂ ਜਸਲਵਪ੍ਰੀਤ ਸਿੰਘ, ਕੈਦੀ ਹਰਮਨ ਸਿੰਘ ਭਾਊ ਅਤੇ ਦੋ ਹੋਰ ਕੈਦੀਆਂ ਨੂੰ ਸਰਕਾਰੀ ਬੱਸ ਰਾਂਹੀਂ ਅਦਾਲਤ ਮੋਗਾ ਵਿਖੇ ਪੇਸ਼ੀ ਭੁਗਤਾਉਂਣ ਲਈ ਲੈ ਕੇ ਜਾ ਰਹੇ ਸਨ ਤਾਂ ਜ਼ਿਲ੍ਹੇ ਦੇ ਪਿੰਡ ਚੰਦਬਾਜਾ ਕੋਲ ਜਦੋਂ ਬੱਸ ਪੁੱਜੀ ਤਾਂ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਭਖਵੀਂ ਤਕਰਾਰ ਹੋ ਗਈ ਜਿਸਤੋਂ ਬਾਅਦ ਤਿੰਨਾ ਨੇ ਮਿਲ ਕੇ ਕੈਦੀ ਜਸਲਵਪ੍ਰੀਤ ਸਿੰਘ ਦੀ ਬੱਸ ਵਿੱਚ ਹੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਇਸ ਵੇਲੇ ਜੇਰੇ ਇਲਾਜ ਜਸਲਵਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਇਹਨਾਂ ਨੇ ਫ਼ਰੀਦਕੋਟ ਜੇਲ੍ਹ ਅੰਦਰ ਪਹਿਲਾਂ ਵੀ ਕੈਦੀ ਸੁਖਦੇਵ ਸਿੰਘ ਨਾਲ ਮਿਲ ਕੇ ਉਸਦੀ ਕੁੱਟਮਾਰ ਕੀਤੀ ਸੀ।