ਜਲੰਧਰ, 3 ਅਗਸਤ 2022 – ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਹਨ। ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਮੋਹਾਲੀ ਵਿੱਚ ਸਰਕਾਰੀ ਜ਼ਮੀਨ ਆਪਣੀ ਹਾਜ਼ਰੀ ਵਿੱਚ ਖਾਲੀ ਕਰਵਾਈ ਸੀ। ਇਸੇ ਦੌਰਾਨ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਇੱਕ ਨਾਮੀ ਪ੍ਰਾਈਵੇਟ ਯੂਨੀਵਰਸਿਟੀ ਨੇ ਪਿੰਡ ਛੇੜੂ ਦੀ ਕਰੀਬ 13 ਏਕੜ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਇਸ ਜ਼ਮੀਨ ਦੀ ਕੀਮਤ ਕਰੀਬ 100 ਕਰੋੜ ਰੁਪਏ ਹੈ। ਖਹਿਰਾ ਨੇ ਇਸ ਤੋਂ ਪਹਿਲਾਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਨਿੱਜੀ ਯੂਨੀਵਰਸਿਟੀ ‘ਤੇ ਵੀ ਅਜਿਹਾ ਹੀ ਦੋਸ਼ ਲਗਾਇਆ ਸੀ।
ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀ ਮੈਨੇਜਮੈਂਟ ਤੋਂ ਜ਼ਮੀਨ ਛੁਡਵਾਉਣਾ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਔਖਾ ਹੋ ਗਿਆ ਹੈ ਕਿਉਂਕਿ ਇਸ ਦਾ ਚਾਂਸਲਰ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਹੈ। ਇਨ੍ਹਾਂ ਦੇ ਪ੍ਰਭਾਵ ਕਾਰਨ ਸਰਕਾਰ ਕਾਰਵਾਈ ਨਹੀਂ ਕਰ ਪਾ ਰਹੀ ਹੈ।
ਖਹਿਰਾ ਨੇ ਦੋਸ਼ ਲਾਇਆ ਕਿ ਨਿੱਜੀ ਯੂਨੀਵਰਸਿਟੀ ਨੇ ਪਹਿਲਾਂ ਸਾਜ਼ਿਸ਼ ਤਹਿਤ ਜ਼ਮੀਨ ’ਤੇ ਕਬਜ਼ਾ ਕੀਤਾ ਅਤੇ ਫਿਰ ਪੰਚਾਇਤ ’ਤੇ ਦਬਾਅ ਪਾ ਕੇ ਆਪਣੇ ਨਾਂ ਕਰਵਾ ਲਿਆ। ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਵੀ ਦਬਾਅ ਹੇਠ ਇਹ ਅਪੀਲ ਕੀਤੀ ਸੀ, ਉਕਤ ਜ਼ਮੀਨ ਦੇ ਤਿੰਨ ਪਾਸੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਅਤੇ ਚੌਥੇ ਪਾਸੇ ਬੇਈਂ ਨਦੀ ਹੈ। ਇਸ ਜ਼ਮੀਨ ਲਈ ਕੋਈ ਰਸਤਾ ਨਹੀਂ ਹੈ, ਇਸ ਲਈ ਇਹ ਯੂਨੀਵਰਸਿਟੀ ਨੂੰ ਦਿੱਤੀ ਜਾਵੇ। ਇਸ ਦੇ ਬਦਲੇ ਵਿੱਚ ਪ੍ਰਾਈਵੇਟ ਯੂਨੀਵਰਸਿਟੀ ਖੁਦ ਬੇਈਂ ਨੇੜੇ ਇੱਕ ਹੋਰ ਜ਼ਮੀਨ ਦੇਵੇਗੀ। ਖਹਿਰਾ ਦਾ ਦਾਅਵਾ ਹੈ ਕਿ ਪਿੰਡ ਦੀ ਪੰਚਾਇਤ ਨੇ ਇਹ ਝੂਠਾ ਬਿਆਨ ਦਿੱਤਾ ਕਿਉਂਕਿ ਤਹਿਸੀਲਦਾਰ ਤੋਂ ਮਿਲੇ ਨਕਸ਼ੇ ਅਨੁਸਾਰ ਇਸ ਪੰਚਾਇਤੀ ਜ਼ਮੀਨ ਨੂੰ ਜਾਣ ਲਈ ਦੋ ਰਸਤੇ ਹਨ।
ਦੂਜੇ ਪਾਸੇ ਪ੍ਰਾਈਵੇਟ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਿੰਡ ਹਰਦਾਸਪੁਰ ਦੀ ਛੇ ਕਨਾਲ 19 ਮਰਲੇ ਜ਼ਮੀਨ ਦੇ ਮਾਮਲੇ ਵਿੱਚ ਬਿਨਾਂ ਕਿਸੇ ਪੜਤਾਲ ਤੋਂ ਹੀ ਇਸ ਦੇ ਨਾਂ ਉਛਾਲਿਆ ਜਾ ਰਿਹਾ ਹੈ। ਇਹ ਜ਼ਮੀਨ ਗੁਰਦੁਆਰਾ ਸਾਹਿਬ ਨਾਲ ਜੁੜੀ ਹੋਈ ਹੈ। ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਗੁਰਦੁਆਰਾ ਕਮੇਟੀ ਨੇ ਇਹ ਜ਼ਮੀਨ 26 ਹਜ਼ਾਰ ਰੁਪਏ ਦੇ ਠੇਕੇ ‘ਤੇ ਖੇਤੀ ਲਈ ਦਿੱਤੀ ਹੈ।