- ਸ਼ਹਿਰ ਦੇ ਵਿਕਾਸ ਲਈ 46 ਕਰੋੜ ਦੇ ਵਿਕਾਸ ਕਾਰਜਾਂ ਦੇ ਟੈਂਡਰ ਅਗਲੇ ਦਿਨਾਂ ’ਚ
- ਸ਼ਹਿਰ ਦਾ ਬੱਸ ਅੱਡਾ ਬਣਾਉਣ, ਨਿਕਾਸੀ ਤੇ ਬਾਰਸ਼ੀ ਪਾਣੀ ਲਈ ਸੀਵਰ ਤੇ ਸਟੋਰਮ ਸੀਵਰ ਜਲਦ
- ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ‘ਸਰਕਾਰ ਤੁਹਾਡੇ ਦੁਆਰ’ ਤਹਿਤ ਖਰੜ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
- ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 7 ਜੁਲਾਈ, 2023: ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਾਹੁਣਚਾਰੀ ਮੰਤਰੀ, ਅਨਮੋਲ ਗਗਨ ਮਾਨ ਨੇ ਅੱਜ ਇੱਥੇ ਕਿਹਾ ਕਿ ਖਰੜ ਨੂੰ ਕਜੌਲੀ ਵਾਟਰ ਵਰਕਸ ਤੋਂ ਨਹਿਰੀ ਪਾਣੀ ਦੀ ਸਪਲਾਈ ਦਾ 100 ਕਰੋੜ ਰੁਪਏ ਦਾ ਪ੍ਰਾਜੈਕਟ ਸਰਕਾਰ ਪਾਸੋਂ ਪ੍ਰਵਾਨ ਕਰਵਾ ਲਿਆ ਗਿਆ ਹੈ ਅਤੇ ਜਲਦ ਹੀ ਇਸ ’ਤੇ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਅੱਜ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਨਗਰ ਕੌਂਸਲ ਦਫ਼ਤਰ ਖਰੜ ਵਿਖੇ ਪੁੱਜੇ ਕੈਬਿਨਟ ਮੰਤਰੀ ਅਤੇ ਹਲਕਾ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਗੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ 46 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਅਗਲੇ ਦਿਨਾਂ ’ਚ ਲਾ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ’ਚ ਖਰੜ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਉਹ ਵਿਸ਼ਵਾਸ਼ ਦਿਵਾਉੁਂਦੇ ਹਨ ਕਿ ਉਹ ਹਰੇਕ ਸਮੱਸਿਆ ਦਾ ਹੱਲ ਕਰਵਾ ਕੇ ਇਸ ਨੂੰ ਸਾਫ਼ ਤੇ ਸੁੰਦਰ ਸ਼ਹਿਰ ਬਣਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ 9 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਜੱਚਾ ਬੱਚਾ ਹਸਪਤਾਲ ਨੇ ਇਲਾਕੇ ’ਚ ਸਿਹਤ ਸਹੂਲਤਾਂ ’ਚ ਵੱਡਾ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੀ ਇੱਕ ਹਸਪਤਾਲ ਕੁਰਾਲੀ ਵਿਖੇ ਵੀ ਜਲਦੀ ਬਣ ਕੇ ਤਿਆਰ ਹੋਵੇਗਾ।
ਉਨ੍ਹਾਂ ਕਿਹਾ ਕਿ ਖਰੜ ’ਚ ਬੱਸ ਸਟੈਂਡ ਬਣਾਉਣ ਦੇੇ ਨੀਂਹ ਪੱਥਰ ਤਾਂ ਬਹੁਤ ਵਾਰੀ ਰੱਖੇ ਗਏ ਪਰ ਇਹ ਬਣਿਆ ਨਹੀਂ, ਜਿਸ ਨੂੰ ਹੁਣ ਉਹ ਆਪਣੀ ਸਰਕਾਰ ਪਾਸੋਂ ਬਣਵਾਉਣਗੇ। ਉਨ੍ਹਾਂ ਖਰੜ ਸ਼ਹਿਰ ’ਚ ਨਿਕਾਸੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਜਲਦ ਹੀ ਨਵੇਂ ਸੀਵਰੇਜ ਪ੍ਰਾਜੈਕਟ ਦੀ ਆਮਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਸ਼ਹਿਰ ਵਿੱਚ ਕਲੋਨੀਆਂ ਦੇ ਵਧਣ ਅਤੇ ਕਲੋਨਾਈਜ਼ਰਾਂ ਵੱਲੋਂ ਐਸ ਟੀ ਪੀ ਨਾ ਲਾਏ ਜਾਣ ਕਾਰਨ ਬਣੀ ਇਸ ਮੁਸ਼ਕਿਲ ਨੂੰ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਮੀਂਹ ਦੇ ਪਾਣੀ ਦੀ ਵੀ ਸਮੱਸਿਆ ਦਾ ਜਲਦ ਠੋਸ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਨਵੇਂ ਟਿਊਬਵੈਲ ਅਤੇ ਤਿੰਨ ਨਵੇਂ ਗਰਿਡ ਲਗਾਏ ਗਏ ਹਨ ਤਾਂ ਜੋ ਪਾਣੀ ਅਤੇ ਬਿਜਲੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਦੋ ਨਵੇਂ ਸਕੂਲ ਆਫ ਐਮੀਨੈਂਸ ਵੀ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਆਧੁਨਿਕ ਪੜ੍ਹਾਈ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਅੱਜ ਸਰੋਵਰ ਦਾ ਕੰਮ ਵੀ ਚੱਲ ਰਿਹਾ ਹੈ।
ਉਨ੍ਹਾਂ ਸ਼ਹਿਰ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ’ਤੇ ਅਧਿਕਾਰੀਆਂ ਨੂੰ ਸਮਾਂ-ਬੱਧ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਨ ਲਈ ਨਗਰ ਕੌਂਸਲ ਪੱਧਰ ’ਤੇ ਇੱਕ ਕੰਟਰੋਲ ਰੂਮ ਸਥਾਪਿਤ ਕਰਨ ਲਈ ਕਿਹਾ ਤਾਂ ਜੋ ਲੋਕ ਉਸ ਕੰਟਰੋਲ ਰੂਮ ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦਾ ਉਹ ਖੁਦ ਜ਼ਾਇਜਾ ਲੈਣਗੇ। ਸ਼ਹਿਰ ਦੀ ਸਾਫ਼-ਸਫ਼ਾਈ ਵੱਲ ਉਚੇਚੇ ਤੌਰ ’ਤੇ ਧਿਆਨ ਦਿੰਦੇ ਹੋਏ, ਉਨ੍ਹਾਂ ਕੂੜਾ ਚੁੱਕਣ ਲਈ ਢੁਕਵਾਂ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਭਗਵੰਤ ਮਾਨ ਸਰਕਾਰ ਕੋਲ ਨਾ ਤਾਂ ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀ ਹੈ ਅਤੇ ਨਾ ਹੀ ਨੇਕਨੀਅਤੀ ਅਤੇ ਦਿਰੜ ਇਰਾਦੇ ਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ’ਚ ਖਰੜ ਦੀ ਹਰੇਕ ਮੁਸ਼ਕਿਲ ਦੇ ਹੱਲ ਲਈ ਉਹ ਬਤੌਰ ਵਿਧਾਇਕਾ ਵੀ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਸਮੇਂ ’ਚ ਵੀ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਕੈਬਿਨਟ ਮੰਤਰੀ ਨੇ ਖਰੜ ਦੇ ਵਿਕਾਸ ਵਿੱਚ ਲੋਕਾਂ ਨੂੰ ਵਧ ਚੜ੍ਹ ਕੇ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਵੀ ਸਰਕਾਰ ਵੱਲੋੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ’ਤੇ ਨਜ਼ਰ ਰੱਖਣ ਤਾਂ ਜੋ ਸਾਰੇ ਵਿਕਾਸ ਕਾਰਜ ਨਿਰਧਾਰਤ ਮਾਪਦੰਡਾਂ ਅਨੁਸਾਰ ਹੋ ਸਕਣ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦਾ ਵੀ ਭਿ੍ਰਸ਼ਟਾਚਾਰ ਤੇ ਲਾਪ੍ਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐਸ ਡੀ ਐਮ ਖਰੜ ਰਵਿੰਦਰ ਸਿੰਘ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਐਮ.ਸੀ ਅਤੇ ਹੋਰ ਉਘੇ ਪਤਵੰਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।