- ਦੇਸ਼ ਬਦੇਸ਼ ਅੰਦਰ ਸੋਗ ਅਤੇ ਗੁੱਸੇ ਦੀ ਲਹਿਰ
- ਸਾਹਿਤਕ ਅਤੇ ਸਭਿਆਚਾਰਕ ਹਲਕਿਆਂ ਵਿੱਚ ਬੇਹੱਦ ਪਿਆਰੇ ਸਤਿਕਾਰੇ ਜਾਂਦੇ ਸਨ ਦਰਸ਼ਨ ਸਿੰਘ ਸਾਹਸੀ
ਐਬਟਸਫੋਰਡ (ਕੈਨੇਡਾ) 28 ਅਕਤੂਬਰ 2025 – ਐਬਸਫੋਰਡ ਦੇ ਪੰਜਾਬੀ ਭਾਈਚਾਰੇ ਲਈ ਅੱਜ ਦੀ ਸਵੇਰ ਮਨਹੂਸ ਹੋ ਨਿਬੜੀ, ਜਦੋਂ ਹਥਿਆਰਬੰਦ ਹਮਲਾਵਰ ਨੇ ਇੱਥੋਂ ਦੇ ਨਾਮੀ ਕਾਰੋਬਾਰੀ ਅਤੇ ਹਸਮੁੱਖ ਸ਼ਖਸੀਅਤ ਦਰਸ਼ਨ ਸਿੰਘ ਸਾਹਸੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ। ਐਬਸਫੋਰਡ ਟਾਊਨ ਲਾਈਨ ਰੋਡ ਤੋਂ ਰਿਜਵਿਊ ‘ਤੇ ਸਥਿਤ ਘਰ ਦੇ ਡਰਾਈਵੇ ‘ਤੇ ਖੜੇ ਟਰੱਕ ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਭਾਈਚਾਰੇ ਦਾ ਨਾਮਵਰ ਵਿਅਕਤੀ ਭਿਆਨਕ ਹਿੰਸਾ ਦੀ ਭੇਟ ਚੜ ਗਿਆ। ਦਰਸ਼ਨ ਸਿੰਘ ਸਾਹਸੀ ਦੀ ਉਮਰ ਕਰੀਬ 68 ਸਾਲ ਦੀ ਸੀ ਅਤੇ ਉਹ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਚ ਪੈਂਦੇ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਜੰਮਪਲ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਤੇ ਵੱਖ-ਵੱਖ ਦੇਸ਼ਾਂ ਵਿੱਚ ਕੱਪੜਿਆਂ ਦੇ ਕਾਰੋਬਾਰ ਕਰਦੇ ਸਨ। ਭਾਰਤ ਤੇ ਕੈਨੇਡਾ ਤੋਂ ਇਲਾਵਾ ਹੋਰ ਕਈ ਦੇਸ਼ਾਂ ਵਿੱਚ ਉਹਨਾਂ ਦੇ ਕਲਾਥ ਰੀਸਾਈਕਲਿੰਗ ਦੇ ਕਾਰੋਬਾਰ ਸਨ ਅਤੇ ਉਹ ਬੇਹੱਦ ਮਿਹਨਤੀ ਅਤੇ ਮਿਲਣਸਾਰ ਵਿਅਕਤੀ ਸਨ।
ਮਰਹੂਮ ਦਰਸ਼ਨ ਸਿੰਘ ਸਾਹਸੀ ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ ਵਿੱਚ ਵੀ ਸਤਿਕਾਰਯੋਗ ਜਾਂਦੇ ਸਨ। ਨਾਮਵਰ ਪੰਜਾਬੀ ਲਿਖਾਰੀ, ਗਾਇਕ ਅਤੇ ਹੋਰ ਸ਼ਖਸੀਅਤਾਂ ਅਕਸਰ ਉਹਨਾਂ ਦੇ ਘਰੇ ਇਕੱਠੀਆਂ ਹੁੰਦੀਆਂ ਅਤੇ ਘਰ ਵਿੱਚ ਸਾਹਿਤਿਕ ਮੇਲੇ ਵਰਗਾ ਮਾਹੌਲ ਹੁੰਦਾ ਸੀ। ਦਰਸ਼ਨ ਸਿੰਘ ਤੇ ਉਨਾਂ ਦੀ ਸੁਪਤਨੀ ਦੋਵੇਂ ਹੀ , ਸਾਹਿਤਕ ਮਹਿਮਾਨਾਂ ਦੀ ਹੱਦੋਂ ਵੱਧ ਆਓ ਭਗਤ ਕਰਦੇ ਅਤੇ ਖੁੱਲ ਦਿਲੀ ਨਾਲ ਸੇਵਾਵਾਂ ਵਿੱਚ ਜੁੱਟ ਜਾਂਦੇ। ਉਹਨਾਂ ਦੇ ਦਰਦਨਾਕ ਵਿਛੋੜੇ ਨਾਲ ਕੈਨੇਡਾ ਵਿੱਚ ਹੀ ਨਹੀਂ, ਪੰਜਾਬ ਵਿੱਚ ਵੀ ਸਾਹਿਤਕ ਅਤੇ ਸੱਭਿਆਚਾਰਕ ਹਸਤੀਆਂ ਅੰਦਰ ਗਹਿਰਾ ਸੋਗ ਛਾ ਗਿਆ ਹੈ। ਸ. ਸਾਹਸੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ 2012 ਤੋਂ ਸਰਪ੍ਰਸਤ ਸਨ। ਉਹਨਾਂ ਬਾਰੇ ਕਿਸੇ ਨਾਲ ਕਿਸੇ ਮਤਭੇਦ ਜਾਂ ਝਗੜੇ ਦੀ ਕਦੇ ਖਬਰ ਸੁਣਨ ਨੂੰ ਨਹੀਂ ਸੀ ਮਿਲੀ।
ਐਬਸਫੋਰਡ ਸ਼ਹਿਰ ਦੇ ਸਿਟੀ ਕੌਂਸਲ ਤੋਂ ਲੈ ਕੇ ਪ੍ਰੋਵਿੰਸ਼ਿਅਲ ਅਤੇ ਫੈਡਰਲ ਪੱਧਰ ਦੇ ਸਿਆਸਤਦਾਨ ਵੀ ਨਿੱਜੀ ਤੌਰ ਤੇ ਦਰਸ਼ਨ ਸਿੰਘ ਸਾਹਸੀ ਹੁਰਾਂ ਦੇ ਭਾਈਚਾਰਕ ਤੌਰ ‘ਤੇ ਮੋਹਰੀ ਸਿਹਤਮੰਦ ਸੋਚ ਵਾਲੇ ਸੁਭਾਅ ਤੋਂ ਭਲੀ ਭਾਂਤ ਵਾਕਫ ਸਨ। ਇਉਂ ਇਹ ਕਤਲ ਮਹਿਜ਼ ਵਾਰਦਾਤ ਨਾ ਹੋ ਕੇ, ਸਿਆਸੀ ਹਲਕਿਆਂ ਵਿੱਚ ਵੀ ਗਹਿਰੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਪੁਲਿਸ ਨੇ ਸਾਰੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ ਹੈ ਪਰ ਅਜੇ ਤੱਕ ਕਾਤਲਾਂ ਬਾਰੇ ਜਾਂ ਕਤਲ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਦਾ ਸੁਰਾਗ ਨਹੀਂ ਮਿਲਿਆ।
ਦਰਸ਼ਨ ਸਿੰਘ ਸਾਹਸੀ ਦੀ ਦਰਦਨਾਕ ਮੌਤ ਕਾਰਨ ਭਾਈਚਾਰੇ ਅੰਦਰ ਮਾਹੌਲ ਗਮਗੀਨ ਹੈ। ਘਰ ਨੇੜੇ ਸਥਿਤ ਪਾਰਕ ਵਿੱਚ ਜਦੋਂ ਭਾਈਚਾਰੇ ਦੇ ਵੱਡੀ ਗਿਣਤੀ ਚ ਹਾਜ਼ਰ ਲੋਕਾਂ ਨੂੰ ਮਿਲੇ, ਤਾਂ ਸਾਰੇ ਕਾਨੂੰਨ ਪ੍ਰਸ਼ਾਸਨ ਕੈਨੇਡਾ ਵਿੱਚ ਭਾਰੀ ਢਿਲ ਮੱਠ ਅਤੇ ਦਿਨ ਦਿਹਾੜੇ ਵਾਪਰੀ ਵਾਰਦਾਤ ਨੂੰ ਲੈ ਕੇ ਤਿੱਖੇ ਬੇਹੱਦ ਨਿਰਾਸ਼ ਅਤੇ ਰੋਹ ਵਿੱਚ ਸਨ। ਹਾਜ਼ਿਰ ਨਜ਼ਦੀਕੀ ਗੁਆਂਢੀਆਂ ਵੱਲੋਂ ਸ਼ੱਕ ਪ੍ਰਗਟਾਇਆ ਕਿਹਾ ਕਿ ਹਮਲਾਵਰ ਦੋ ਘੰਟਿਆਂ ਤੋਂ ਸ਼ੱਕੀ ਹਾਲਤ ਵਿੱਚ ਹਮਲੇ ਦੀ ਤਾਕ ਵਿੱਚ ਖੜਾ ਉਡੀਕ ਕਰ ਰਿਹਾ ਸੀ। ਕਰੀਬ 9.22 ਵਜੇ ਜਿਉਂ ਹੀ ਦਰਸ਼ਨ ਸਿੰਘ ਸਾਹਸੀ ਆਪਣੇ ਟਰੱਕ ਚ ਸਵਾਰ ਹੋਣ ਲੱਗੇ, ਤਾਂ ਉਸ ਵੇਲੇ ਗੋਲੀਆਂ ਦੀ ਬਛਾੜ ਕਰ ਦਿੱਤੀ ਗਈ, ਜਿਹੜੀਆਂ ਕਿ ਉਹਨਾਂ ਲਈ ਜਾਨਲੇਵਾ ਸਾਬਤ ਹੋਈਆਂ। ਐਬਸਫੋਰਡ, ਸਰੀ ਅਤੇ ਨੇੜਲੇ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਸ਼ੂਟਿੰਗ ਦੀਆਂ ਕਰੀਬ ਪੰਜ ਵਾਰਦਾਤਾਂ ਹੋਈਆਂ ਹਨ।


