ਲੁਧਿਆਣਾ, 27 ਮਈ 2022 – ਪੰਜਾਬ ਦੇ ਲੁਧਿਆਣਾ ‘ਚ ਰਿਵਾਲਵਰ ਦੇਖਦੇ ਹੋਏ ਅਚਾਨਕ ਪ੍ਰਾਪਰਟੀ ਡੀਲਰ ਕੋਲੋਂ ਗੋਲੀ ਚੱਲ ਗਈ ਜੋ ਉਸ ਕੋਲ ਇੱਕ ਹੋਰ ਖੜੇ ਉਸ ਦੇ ਸਾਥੀ ਪ੍ਰਾਪਰਟੀ ਡੀਲਰ ਨੂੰ ਵੱਜ ਗਈ। ਪ੍ਰਾਪਰਟੀ ਡੀਲਰ ਮਲਕੀਤ ਸਿੰਘ ਨਾਂ ਦੇ ਵਿਅਕਤੀ ਦੇ ਗੋਲੀ ਅੱਖ ਦੇ ਹੇਠੋਂ ਦੀ ਹੋ ਕੇ ਦਿਮਾਗ ਵਿੱਚ ਜਾ ਲੱਗੀ। ਮਲਕੀਤ ਨੂੰ ਬੁੱਧਵਾਰ ਦੇਰ ਰਾਤ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੈਕਟਰ 32-ਏ ਵਿੱਚ ਰਹਿਣ ਵਾਲੇ ਇੱਕ ਪ੍ਰਾਪਰਟੀ ਡੀਲਰ ਕੋਲੋਂ ਅਚਾਨਕ ਰਿਵਾਲਵਰ ਦੇਖਦੇ ਸਮੇਂ ਗੋਲੀ ਚੱਲ ਗਈ, ਜੋ ਉਸ ਦੇ ਸਾਹਮਣੇ ਬੈਠੇ ਪਿੰਡ ਜਸਪਾਲ ਬਾਂਗਰ ਦੇ ਸਰਪੰਚ ਮਲਕੀਤ ਸਿੰਘ ਦੀ ਅੱਖ ਵਿੱਚ ਜਾ ਲੱਗੀ। ਮਲਕੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਮੁਲਜ਼ਮ ਸੁਨੀਲ ਗੋਇਲ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਸੁਨੀਲ ਗੋਇਲ ਅਤੇ ਮਲਕੀਤ ਦਾ ਆਪਸ ਵਿੱਚ ਪ੍ਰਾਪਰਟੀ ਦਾ ਕਾਰੋਬਾਰ ਹੈ। ਮਲਕੀਤ ਰਾਤ ਨੂੰ ਸੁਨੀਲ ਦੇ ਘਰ ਮੌਜੂਦ ਸੀ। ਫਿਰ ਸੁਨੀਲ ਸਰਪੰਚ ਨੂੰ ਆਪਣਾ ਰਿਵਾਲਵਰ ਦਿਖਾਉਣ ਲੱਗਾ। ਅਚਾਨਕ ਟਰਿੱਗਰ ਦੱਬ ਗਿਆ ਅਤੇ ਗੋਲੀ ਚੱਲ ਗਈ। ਸੁਨੀਲ ਦੇ ਸਾਹਮਣੇ ਬੈਠੇ ਮਲਕੀਤ ਸਿੰਘ ਦੀ ਅੱਖ ਦੇ ਹੇਠਾਂ ਗੋਲੀ ਲੱਗੀ ਸੀ, ਜੋ ਸਿਰ ਦੇ ਪਿਛਲੇ ਹਿੱਸੇ ਵਿੱਚ ਫਸ ਗਈ ਹੈ। ਮਲਕੀਤ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।