ਫਾਜ਼ਿਲਕਾ, 20 ਜੂਨ 2024 – ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਫਾਜ਼ਿਲਕਾ ‘ਚ ਪੁਲਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਫਾਜ਼ਿਲਕਾ ਦੀ ਐਸ.ਐਸ.ਪੀ ਡਾ.ਪ੍ਰਗਿਆ ਜੈਨ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਪਿੰਡ ਘੁੜਿਆਣਾ ਤੋਂ ਸਾਢੇ ਤਿੰਨ ਕਿਲੋ ਅਫੀਮ ਬਰਾਮਦ ਕਰਕੇ ਨਸ਼ਾ ਤਸਕਰ ਦੀ 42 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਫਰੀਜ਼ ਕਰ ਲਿਆ ਹੈ। ਐਸਐਸਪੀ ਦਾ ਕਹਿਣਾ ਹੈ ਕਿ ਇਹ ਕਾਰਵਾਈ ਜਾਰੀ ਰਹੇਗੀ।
ਫਾਜ਼ਿਲਕਾ ਦੇ ਐਸ.ਐਸ.ਪੀ ਡਾ.ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਮਹਿਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਘੁੜਿਆਣਾ, ਥਾਣਾ ਅਰਨੀਵਾਲਾ ਤੋਂ 3 ਕਿਲੋ 500 ਗ੍ਰਾਮ ਅਫੀਮ ਬਰਾਮਦ ਕਰਨ ਉਪਰੰਤ ਉਸ ਖਿਲਾਫ ਥਾਣਾ ਸਿਟੀ-2 ਅਬੋਹਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਉਸ ਦੀ ਜਾਇਦਾਦ ਦੀ ਜਾਂਚ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਉਕਤ ਜਾਇਦਾਦ ਗੈਰ-ਕਾਨੂੰਨੀ ਢੰਗ ਨਾਲ ਖਰੀਦੀ ਸੀ ਅਤੇ ਕੁਝ ਜਾਇਦਾਦਾਂ ਆਪਣੇ ਨਾਂ ਤੇ ਕੁਝ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਟਰਾਂਸਫਰ ਕਰਵਾ ਦਿੱਤੀਆਂ ਸਨ।
ਜਿਸ ਨੂੰ ਕਿ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਲੈਣ ਤੋਂ ਬਾਅਦ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 68ਐੱਫ (2) ਦੇ ਤਹਿਤ ਅਟੈਚ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਜਾਇਦਾਦ ਖਰੀਦੀ ਜਾਂ ਵੇਚੀ ਨਹੀਂ ਜਾ ਸਕੇਗੀ। ਐੱਸ.ਐੱਸ.ਪੀ ਦੀ ਨਿਗਰਾਨੀ ‘ਚ ਮੌਕੇ ‘ਤੇ ਹੀ ਜਾਇਦਾਦ ਦੇ ਬਾਹਰ ਪੋਸਟਰ ਚਿਪਕਾਏ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਜਾਇਦਾਦ ਵਿੱਚ ਕਰੀਬ 23 ਮਰਲੇ ਅਤੇ 7 ਕਨਾਲ ਜ਼ਮੀਨ (ਕਰੀਬ 5,77,000 ਰੁਪਏ) ਅਤੇ ਇੱਕ ਬ੍ਰੇਜ਼ਾ ਕਾਰ (ਕਰੀਬ 7 ਲੱਖ ਰੁਪਏ) ਹੈ, ਜੋ ਕਿ ਮੁਲਜ਼ਮ ਦੇ ਨਾਮ ‘ਤੇ ਸੀ। ਇਸ ਤੋਂ ਇਲਾਵਾ 10 ਕਨਾਲ 15 ਮਰਲੇ ਜ਼ਮੀਨ (ਕੀਮਤ 7,76,000 ਰੁਪਏ) ਉਸ ਦੀ ਪਤਨੀ ਸਰਬਜੀਤ ਕੌਰ ਦੇ ਨਾਂ, 12 ਕਨਾਲ 4.1 ਮਰਲੇ (ਕੀਮਤ 8,80,000 ਰੁਪਏ) ਜ਼ਮੀਨ ਉਸ ਦੀ ਮਾਤਾ ਕੁਲਵੰਤ ਕੌਰ ਦੇ ਨਾਂ ਤੇ ਹੈ। ਇਸ ਤੋਂ ਇਲਾਵਾ 17 ਕਨਾਲ 1.6 ਮਰਲੇ (12 ਲੱਖ 34 ਹਜ਼ਾਰ ਰੁਪਏ) ਜ਼ਮੀਨ ਉਸ ਦੇ ਪੁੱਤਰ ਉਪਦੇਸ਼ ਸਿੰਘ ਦੇ ਨਾਂ ‘ਤੇ ਸੀ, ਜਿਸ ਦੀ ਕੁੱਲ ਕੀਮਤ 41 ਲੱਖ 67 ਹਜ਼ਾਰ ਰੁਪਏ ਬਣਦੀ ਹੈ, ਜਿਸ ਦੀ ਕੁਰਕੀ ਦੇ ਪੋਸਟਰ ਉਸ ਦੇ ਘਰ ਦੇ ਬਾਹਰ ਚਿਪਕਾਏ ਗਏ ਹਨ।