ਚੰਡੀਗੜ੍ਹ, 25 ਦਸੰਬਰ 2020 – ਜਦੋਂ ਭਾਜਪਾ ਵੱਲੋਂ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਉਣ ਲਈ ਤਿਆਰੀਆਂ ਕੀਤੀਆ ਜਾ ਰਹੀਆਂ ਸਨ। ਉਸ ਸਮੇਂ ਖਰੜ ਦੇ ਪਿੰਡ ਦੇਸੂਮਾਜਰਾ ਵਿਚ ਭਾਜਪਾ ਦਫ਼ਤਰ ਦਾ ਪਿੰਡ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ। ਉੱਥੇ ਹੀ ਮਲੋਟ ਦੇ ਝਾਂਬ ਗੈੱਸਟ ਹਾਊਸ ਵਿਖੇ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮਨਾ ਰਹੇ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਮਲੋਟ ਵਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਵਲੋਂ ਝਾਬ ਗੈਸਟ ਹਾਊਸ ਦੀ ਦੋਨੋਂ ਪਾਸਿਉਂ ਘੇਰਾਬੰਦੀ ਕਰ ਲਈ ਗਈ। ਕਿਸਾਨਾਂ ਦਾ ਕਹਿਣਾ ਸੀ ਕਿ ਭਾਜਪਾ ਵਾਲੇ ਕਿਸਾਨਾਂ ਦਾ ਸਾਥ ਦੇਣ ਦੀ ਬਜਾਏ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾ ਰਹੇ ਹਨ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਭਾਜਪਾ ਆਗੂ ਅਟਲ ਬਿਹਾਰੀ ਦਾ ਜਨਮ ਦਿਨ ਮਨਾਏ ਬਿਨਾਂ ਹੀ ਚਲੇ ਗਏ।
ਇਸ ਤੋਂ ਬਿਨਾਂ ਹੁਸ਼ਿਆਰਪੁਰ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪ੍ਰੋਗਰਾਮ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਸੰਬੋਧਨ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਇਕੱਠ ਕਰ ਕੇ ਸ਼ਹਿਰ ਦੇ ਵਿਚ ਇੱਕ ਰੋਸ ਮਾਰਚ ਕੱਢਿਆ ਗਿਆ ਅਤੇ ਸੋਮ ਪ੍ਰਕਾਸ਼ ਦੇ ਪ੍ਰੋਗਰਾਮ ਵਾਲੀ ਜਗ੍ਹਾ ‘ਤੇ ਚੌਕ ਨੂੰ ਜਾਮ ਕੀਤਾ ਗਿਆ। ਜਦਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਕਿਸਾਨਾਂ ਨੂੰ ਇੱਕ ਦੋ ਜਗ੍ਹਾ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਨੇ ਬੈਰੀਕੇਡ ਤੋੜ ਅੱਗੇ ਵੱਧ ਪ੍ਰੋਗਰਾਮ ‘ਤੇ ਪਹੁੰਚ ਕੇ ਜਾਮ ਲਗਾ ਦਿੱਤਾ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸੋਮ ਪ੍ਰਕਾਸ਼ ਜੋ ਕਿ ਮੋਦੀ ਦੀ ਕੈਬਨਿਟ ਵਿਚ ਮੰਤਰੀ ਹੈ ਉਸ ਨੂੰ ਪੰਜਾਬ ਅਤੇ ਹੁਸ਼ਿਆਰਪੁਰ ਵਿਚ ਕੋਈ ਵੀ ਸੰਬੋਧਨ ਨਹੀਂ ਕਰਨ ਦਿੱਤਾ ਜਾਵੇਗਾ। ਇਸ ਤੋਂ ਬਿਨਾਂ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਦਾ ਘਿਰਾਓ ਕਰ ਰਹੇ ਕਿਸਾਨਾਂ ’ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ ਹੈ।