ਸ੍ਰੀ ਮੁਕਤਸਰ ਸਾਹਿਬ, 26 ਮਾਰਚ 2024 – ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਜਾਣ ਦੀ ਜਿੱਦ ‘ਤੇ 11 ਫਰਵਰੀ ਤੋਂ ਹਰਿਆਣਾ ਦੇ ਬਾਰਡਰਾਂ ‘ਤੇ ਡਟੇ ਹੋਏ ਹਨ। ਇਸ ਵਿਰੋਧ ਪ੍ਰਦਰਸ਼ਨ ਦਾ ਅਸਰ ਹੁਣ ਪਿੰਡਾਂ ‘ਚ ਵੀ ਦਿਖਣ ਲੱਗ ਗਿਆ ਹੈ। ਕਿਸਾਨ ਪੰਜਾਬ ਵਿੱਚ ਭਾਜਪਾ ਦੇ ਵੱਡੇ ਆਗੂਆਂ ਦੀਆਂ ਰੈਲੀਆਂ ਦਾ ਵਿਰੋਧ ਕਰਨ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ, ਹੁਣ ਪਿੰਡਾਂ ਵਿੱਚ ਵੀ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਭਾਰੂ ਵਿੱਚ ਲੋਕਾਂ ਵੱਲੋਂ ਭਾਜਪਾ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦਾ ਬੋਰਡ ਲਾਇਆ ਗਿਆ ਹੈ। ਸਥਾਨਕ ਲੋਕਾਂ ਵੱਲੋਂ ਲਗਾਏ ਗਏ ਬੋਰਡ ‘ਤੇ ਲਿਖਿਆ ਹੈ- ਪਿੰਡ ਭਾਰੂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਗਿਆ ਹੈ। ਕੋਈ ਵੀ ਭਾਜਪਾ ਆਗੂ ਪਿੰਡ ਨਾ ਆਵੇ। ਜੇਕਰ ਕੋਈ ਭਾਜਪਾ ਆਗੂ ਪਿੰਡ ਵਿੱਚ ਆਉਂਦਾ ਹੈ ਤਾਂ ਜਵਾਬੀ ਕਾਰਵਾਈ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ।
ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਹੀ ਪੰਜਾਬ ‘ਚ ਕਿਸਾਨ ਅੰਦੋਲਨ ਦਾ ਅਸਰ ਦਿਖਣਾ ਸ਼ੁਰੂ ਹੋ ਰਿਹਾ ਹੈ।

