ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਮੁੜ ਸਕੂਲ ਖੋਲ੍ਹਣ ਸਬੰਧੀ ਐਸ.ਓ.ਪੀਜ਼. ਜਾਰੀ

  • ਆਨਲਾਈਨ ਸਿੱਖਿਆ ਹੋਵੇਗੀ ਅਧਿਆਪਨ ਦਾ ਤਰਜੀਹੀ ਤਰੀਕਾ, ਕਲਾਸਾਂ ਵਿੱਚ ਨਿੱਜੀ ਹਾਜ਼ਰੀ ਲਾਜ਼ਮੀ ਨਹੀਂ: ਵਿਜੈ ਇੰਦਰ ਸਿੰਗਲਾ

ਚੰਡੀਗੜ੍ਹ, 7 ਜਨਵਰੀ 2021 – ਸੂਬੇ ਵਿੱਚ ਸਕੂਲ ਮੁੜ ਖੋਲਣ ਦੇ ਫੈਸਲੇ ਤੋਂ ਬਾਅਦ ਸਿੱਖਿਆ ਵਿਭਾਗ ਨੇ ਕੋਵਿਡ -19 ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਦੇ ਸਕੂਲਾਂ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਕੂਲ ਮੁੜ ਖੋਲਣ ਬਾਰੇ ਵਿਸਥਾਰਤ ਦਿਸ਼ਾ ਨਿਰਦੇਸ਼ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਅਧਿਕਾਰੀਆਂ ਨੂੰ ਭੇਜੇ ਗਏ ਹਨ ਤਾਂ ਜੋ ਵਿਦਿਆਰਥੀਆਂ ਵਲੋਂ ਕਲਾਸਾਂ ਵਿੱਚ ਜਾਣ ਸਮੇਂ ਇਹਨਾਂ ਐਸਓਪੀਜ਼ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।

ਸਿੰਗਲਾ ਨੇ ਅੱਗੇ ਕਿਹਾ ਕਿ ਭਾਵੇਂ ਸਕੂਲਾਂ ਨੂੰ ਮੁੜ ਖੋਲਿਆ ਜਾ ਰਿਹਾ ਹੈ ਪਰ ਆਨਲਾਈਨ ਸਿੱਖਿਆ ਹੀ ਅਧਿਆਪਨ ਦਾ ਤਰਜੀਹੀ ਤਰੀਕਾ ਰਹੇਗੀ ਅਤੇ ਸਾਰੇ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਨਹੀਂ ਹੋਵੇਗੀ। ਉਨਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਆਨਲਾਈਨ ਕਲਾਸਾਂ ਲੈ ਰਹੇ ਹਨ ਅਤੇ ਜੇ ਕੁੱਝ ਵਿਦਿਆਰਥੀ ਨਿੱਜੀ ਤੌਰ ਉਤੇ ਹਾਜ਼ਰ ਹੋਣ ਦੀ ਥਾਂ ਆਨਲਾਈਨ ਕਲਾਸਾਂ ਲਾਉਣ ਨੂੰ ਹੀ ਤਰਜੀਹ ਦਿੰਦੇ ਹਨ ਤਾਂ ਉਹ ਅਜਿਹਾ ਕਰ ਸਕਣਗੇ। ਵਿਦਿਆਰਥੀ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਮਗਰੋਂ ਹੀ ਸਕੂਲਾਂ ਵਿੱਚ ਜਾ ਕੇ ਕਲਾਸਾਂ ਲਾ ਸਕਣਗੇ।

ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮਾਪਿਆਂ ਨੂੰ ਇਹ ਗੱਲ ਯਕੀਨੀ ਬਣਾਉਣੀ ਹੋਵੇਗੀ ਕਿ ਉਨਾਂ ਦਾ ਬੱਚਾ ਮਾਸਕ ਪਾ ਕੇ ਹੀ ਸਕੂਲ ਜਾਵੇ ਅਤੇ ਉਹ ਦੂਜਿਆਂ ਨਾਲ ਮਾਸਕ ਦੀ ਅਦਲਾ-ਬਦਲੀ ਨਾ ਕਰੇ। ਉਨਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਜਨਤਕ ਥਾਵਾਂ ਉਤੇ ਘੱਟ ਤੋਂ ਘੱਟ ਗੱਲਬਾਤ ਦੇ ਨਾਲ-ਨਾਲ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ ਲਈ ਵੀ ਉਤਸ਼ਾਹਤ ਕਰਨ।

ਸਿੰਗਲਾ ਨੇ ਕਿਹਾ, “ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਸਮਾਜਿਕ ਦੂਰੀ ਦਾ ਮਾਪਦੰਡ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਤਾਂ ਉਸ ਮਾਮਲੇ ਵਿੱਚ ਸਕੂਲ ਮੁਖੀ/ਮੈਨੇਜਮੈਂਟ ਆਪਣੇ ਪੱਧਰ ਉਤੇ ਦੋ ਸ਼ਿਫ਼ਟਾਂ ਵਿੱਚ ਕਲਾਸਾਂ ਲੈਣ ਜਾਂ ਬਦਲਵੇਂ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਬੁਲਾਉਣ ਬਾਰੇ ਆਪਣੇ ਪੱਧਰ ਉਤੇ ਫੈਸਲਾ ਲੈ ਸਕਦੇ ਹਨ।”

ਸਿੰਗਲਾ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ਨਾਲ ਸਬੰਧਤ ਵਿਦਿਆਰਥੀਆਂ ਤੇ ਸਟਾਫ਼ ਨੂੰ ਸਕੂਲਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਵਿੱਚ ਆਉਣ ਦੀ ਕੋਈ ਲੋੜ ਨਹੀਂ। ਉਨਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਮੁਤਾਬਕ ਬਜ਼ੁਰਗ, ਗਰਭਵਤੀ ਤੇ ਹੋਰ ਮੁਲਾਜ਼ਮਾਂ, ਜਿਨਾਂ ਨੂੰ ਮੈਡੀਕਲ ਹਾਲਤ ਕਾਰਨ ਵਾਧੂ ਇਹਤਿਆਤ ਰੱਖਣ ਦੀ ਲੋੜ ਹੈ, ਨੂੰ ਸਲਾਹ ਹੈ ਕਿ ਉਹ ਵਿਦਿਆਰਥੀਆਂ ਨਾਲ ਸਿੱਧੇ ਸੰਪਰਕ ਦੀ ਲੋੜ ਵਾਲੇ ਕੰਮ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ। ਉਨਾਂ ਕਿਹਾ ਕਿ ਅਧਿਕਾਰੀ ਇਹ ਗੱਲ ਵੀ ਯਕੀਨੀ ਬਣਾਉਣ ਕਿ ਸਕੂਲਾਂ ਵਿੱਚ ਪੈਰਾਂ ਨਾਲ ਚੱਲਣ ਵਾਲੀਆਂ ਹੱਥ ਧੋਣ ਵਾਲੀਆਂ ਮਸ਼ੀਨਾਂ ਅਤੇ ਸੰਪਰਕ ਰਹਿਤ ਥਰਮੋਮੀਟਰ, ਸਾਬਣ ਵਗੈਰਾ ਉਪਲਬਧ ਹੋਣ। ਉਨਾਂ ਕਿਹਾ ਕਿ ਅਧਿਕਾਰੀ ਸਕੂਲੀ ਬੱਸਾਂ ਤੇ ਵੈਨਾਂ ਨੂੰ ਚਲਾਉਣ ਤੋਂ ਪਹਿਲਾਂ ਉਨਾਂ ਦੀ ਸੈਨੇਟਾਈਜੇਸ਼ਨ ਅਤੇ ਇਨਾਂ ਵਿੱਚ ਵਿਦਿਆਰਥੀਆਂ ਵਿਚਾਲੇ ਸਮਾਜਿਕ ਦੂਰੀ ਯਕੀਨੀ ਬਣਾਉਣਗੇ।

ਸਿੱਖਿਆ ਮੰਤਰੀ ਨੇ ਕਿ ਜਮਾਤਾਂ ਵਿੱਚ ਵਿਦਿਆਰਥੀਆਂ ਦੀਆਂ ਸੀਟਾਂ ਵਿਚਾਲੇ 6 ਫੁੱਟ ਦੀ ਦੂਰੀ ਉਤੇ ਨਿਸ਼ਾਨ ਬਣਾਏ ਜਾਣ ਅਤੇ ਇਸੇ ਤਰਾਂ ਸਟਾਫ਼ ਰੂਮ, ਦਫ਼ਤਰ, ਹੋਸਟਲਾਂ ਅਤੇ ਹੋਰ ਥਾਵਾਂ ਉਤੇ ਵੀ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ। ਉਨਾਂ ਕਿਹਾ ਕਿ ਸਕੂਲ ਮੈਨੇਜਮੈਂਟ ਢੁੱਕਵੀਆਂ ਥਾਵਾਂ ਤੇ ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ਬਰਕਰਾਰ ਰੱਖਣ ਦੀ ਯਾਦ ਦਿਵਾਉਣ ਵਾਲੇ ਪੋਸਟਰ/ਸੰਦੇਸ਼/ਸਟਿੱਕਰ ਅਤੇ ਸੰਕੇਤ ਲਾਉਣੇ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਸਕੂਲਾਂ ਵਿੱਚ ਅਜਿਹੀਆਂ ਗਤੀਵਿਧੀਆਂ ਨਾ ਕਰਵਾਈਆਂ ਜਾਣ ਜਿਹਨਾਂ ਵਿੱਚ ਸਮਾਜਿਕ ਦੂਰੀ ਦਾ ਸੰਕਲਪ ਨਹੀਂ ਅਪਣਾਇਆ ਜਾ ਸਕਦਾ। ਹਲਾਂਕਿ ਸਕੂਲਾਂ ਵਿੱਚ ਪ੍ਰਾਰਥਨਾ ਸਭਾ ਵੀ ਜਮਾਤਾਂ ਜਾਂ ਖੁੱਲੀਆਂ ਥਾਵਾਂ ਜਾਂ ਜਿੱਥੇ ਜਗਾਂ ਉਪਲਬਧ ਹੈ ਅਤੇ ਹਾਲਾਂ ਵਿੱਚ ਹੀ ਅਧਿਆਪਕਾਂ ਦੀ ਹਾਜ਼ਰੀ ਵਿੱਚ ਕਰਵਾਈਆਂ ਜਾਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੰਦਾਂ ਦੇ ਡਾਕਟਰਾਂ ਨੂੰ ਮਿਲੀ ਕੋਰੋਨਾਂ ਵਾਇਰਸ ਟੀਕਾ ਲਗਾਉਣ ਲਈ ਹਰੀ ਝੰਡੀ

ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਲਈ ਟ੍ਰੈਕਟਰ ਮਾਰਚ, ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਟ੍ਰੈਕਟਰ ਲੈ ਕੇ ਪਹੁੰਚੇ