ਐੱਸ. ਏ. ਐੱਸ. ਨਗਰ, 12 ਮਈ 2022 – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਅਕਾਦਮਿਕ ਸਾਲ 2021-22 ਨਾਲ ਸਬੰਧਤ 12ਵੀ ਜਮਾਤ ਦਾ ਟਰਮ-ਇੱਕ ਦੀ ਪ੍ਰੀਖਿਆ ਦਾ ਨਤੀਜਾ ਬੋਰਡ ਦੇ ਵੱਲੋਂ ਐਲਾਨਿਆ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਟਰਮ-1 ਦੀ ਪ੍ਰੀਖਿਆ 13 ਦਸੰਬਰ ਤੋਂ 22 ਦਸੰਬਰ ਤੱਕ ਕਰਵਾਈ ਗਈ ਸੀ।
ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਨਤੀਜਾ ਅੰਸ਼ਿਕ ਰੂਪ ਵਿੱਚ ਐਲਾਨਿਆ ਗਿਆ ਹੈ। ਜਿਸ ਬਾਰੇ ਪੂਰਨ ਵੇਰਵੇ ਪੂਰੀਆਂ ਪ੍ਰੀਖਿਆਵਾਂ ਦੇ ਅੰਕ ਜੋੜਨ ਤੋਂ ਬਾਅਦ ਹੀ ਪ੍ਰਾਪਤ ਹੋਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਟਰਮ-1 ਦੀ ਪ੍ਰੀਖਿਆ ਦਾ ਨਤੀਜਾ ਸਕੂਲ ਦੀ ਲਾਗਇਨ ਆਈ. ਡੀ. ਤੇ ਜਾਰੀ ਕੀਤਾ ਗਿਆ ਹੈ। ਜਿਸ ਨੂੰ ਸਕੂਲ ਮੁਖੀ ਬੋਰਡ ਦੀ ਵੈੱਬਸਾਈਟ ਤੇ ਸਕੂਲ ਦੀ ਲਾਗਇਨ ਆਈ. ਡੀ. ਤੇ ਪਾਸਵਰਡ ਭਰਨ ਉਪਰੰਤ ਹੀ ਦੇਖਿਆ ਜਾ ਸਕਦਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਨਤੀਜੇ ਬਾਰੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਨਤੀਜੇ ਬਾਰੇ ਸਕੂਲ ਮੁਖੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਹ ਸਕੂਲ ਦੀ ਲਾਗਇਨ ਆਈਡੀ ‘ਤੇ ਦਿੱਤੇ ਗਏ ਪਾਸਵਰਡ ਨਾਲ ਨਤੀਜੇ ਦੇਖ ਸਕਣਗੇ। ਇਸ ਨੂੰ ਵਿਦਿਆਰਥੀ ਆਪਣੇ ਪੱਧਰ ਤੇ ਨਹੀਂ ਵੇਖ ਸਕਣਗੇ, ਕੇਵਲ ਸਕੂਲ ਮੁਖੀਆਂ ਤੋਂ ਹੀ ਟਰਮ-1 ਪ੍ਰੀਖਿਆ ਦੇ ਪ੍ਰੀਖਿਆਵਾਂ ਵਿਚੋਂ ਵਿਸ਼ੇ ਵਾਰ ਪ੍ਰਾਪਤ ਅੰਕਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਵਲੋਂ ਦਸੰਬਰ ਮਹੀਨੇ ਦੀ ਕਿਸੇ ਕਾਰਨ ਟਰਮ 1 ਪ੍ਰੀਖਿਆ ਨਾ ਦੇ ਸਕਣ ਵਾਲੇ ਪ੍ਰੀਖਿਆਰਥੀਆਂ ਲਈ 24 ਮਾਰਚ ਤੋਂ 30 ਮਾਰਚ ਤੱਕ ਮੁੜ ਟਰਮ 1 ਪ੍ਰੀਖਿਆ ਕਰਵਾਈ ਗਈ ਸੀ ਜਿਸ ਦਾ ਨਤੀਜਾ ਵੀ ਲਾਗਇੰਨ ਆਈ. ਡੀ. ਤੇ ਪਾ ਦਿੱਤਾ ਗਿਆ ਹੈ।