ਅੰਮ੍ਰਿਤਸਰ, 27 ਅਗਸਤ 2025 – ਨਗਰ ਨਿਗਮ ਦੇ ਨਵ-ਨਿਯੁਕਤ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੂਜੇ ਦਿਨ ਐਕਸ਼ਨ ਮੋਡ ’ਚ ਨਜ਼ਰ ਆਏ। ਉਨ੍ਹਾਂ ਵੱਲੋਂ ਸਵੇਰੇ ਸਵਾ 9 ਵਜੇ ਨਿਗਮ ਕੰਪਲੈਕਸ ’ਚ ਐਂਟਰੀ ਕਰਨ ਦੌਰਾਨ ਸਮੂਹ ਵਿਭਾਗਾਂ ਦੀ ਹਾਜ਼ਰੀ ਚੈੱਕ ਕੀਤੀ ਗਈ, ਜਿਸ ਦੌਰਾਨ 4 ਕਰਮਚਾਰੀ ਗੈਰ-ਹਾਜ਼ਰ ਪਾਏ ਜਾਣ ’ਤੇ ਕਮਿਸ਼ਨਰ ਵੱਲੋਂ ਤੁਰੰਤ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕਮਿਸ਼ਨਰ ਵੱਲੋਂ ਕਾਰਜਭਾਲ ਸੰਭਾਲਣ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਕੁਝ ਕਰਮਚਾਰੀ ਮਨਮਰਜ਼ੀ ਨਾਲ ਦਫਤਰ ਆਉਂਦੇ ਹਨ ਅਤੇ ਗੈਰ-ਹਾਜ਼ਰ ਰਹਿੰਦੇ ਹਨ, ਜਿਸ ਨਾਲ ਦਫਤਰਾਂ ’ਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਨ ਤੋਂ ਇਲਾਵਾ ਖੱਜਲ-ਖੁਆਰ ਹੋਣਾ ਪੈਂਦਾ ਹੈ।
ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਮਿਸ਼ਨਰ ਸ਼ੇਰਗਿੱਲ ਵੱਲੋਂ ਚੈਕਿੰਗ ਕੀਤੀ ਗਈ ਤਾਂ ਪ੍ਰਾਪਾਰਟੀ ਵਿਭਾਗ ਦੇ 4 ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਕਰਮਚਾਰੀਆਂ ’ਚ ਸੈਨੇਟਰੀ ਸੁਪਰਵਾਈਜ਼ਰ ਮਨਦੀਪ ਸਿੰਘ, ਟਿਊਬਵੈੱਲ ਡਰਾਈਵਰ ਸਰਬਜੀਤ ਸਿੰਘ ਅਤੇ ਮਨੀਸ਼ ਕੁਮਾਰ, ਸੇਵਾਦਾਰ ਕੁਲਜੀਤ ਸਿੰਘ ਸ਼ਾਮਲ ਹਨ। ਉਨ੍ਹਾਂ ਜਾਰੀ ਕੀਤੇ ਹੁਕਮਾਂ ’ਚ ਲਿਖਿਆ ਗਿਆ ਹੈ ਕਿ ਕਿ ਕਰਮਚਾਰੀ ਡਿਊਟੀ ’ਤੇ ਗੈਰ-ਹਾਜ਼ਰ ਸਨ ਪਰ ਰਜਿਸਟਰ ’ਤੇ ਉਨ੍ਹਾਂ ਦੀ ਹਾਜ਼ਰੀ ਪਾਈ ਗਈ ਹੈ। ਕਰਮਚਾਰੀਆਂ ਵੱਲੋਂ ਪਿਛਲੇ ਦਿਨ ਹੀ ਅਗਲੇ ਦਿਨ ਦੀ ਹਾਜ਼ਰੀ ਲਾਈ ਗਈ ਹੈ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ। ਕਮਿਸ਼ਨਰ ਸ਼ੇਰਗਿੱਲ ਨੇ ਕਿਹਾ ਕਿ ਡਿਊਟੀ ਦੌਰਾਨ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੁੱਖ-ਦੁੱਖ ’ਚ ਨਾਲ ਹਨ ਪਰ ਸਰਕਾਰੀ ਕੰਮਕਾਜ ਦੌਰਾਨ ਕੋਈ ਵੀ ਕਮੀ ਬਰਦਾਸ਼ਤ ਨਹੀਂ ਹੋਵੇਗੀ।

