ਸਾਰੇ ਸਕੂਲਾਂ ਨੂੰ ਪਾਈਪ ਰਾਹੀਂ ਪਾਣੀ ਮੁਹੱਈਆ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

ਚੰਡੀਗੜ੍ਹ, 31 ਦਸੰਬਰ 2020 – ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪਾਈਪ ਰਾਹੀਂ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਸਬੰਧੀ 2 ਅਕਤੂਬਰ, 2020 ਨੂੰ ਸ਼ੁਰੂ ਕੀਤੀ ਗਈ 100 ਦਿਨਾ ਮੁਹਿੰਮ ਦੇ ਤਹਿਤ ਇਸ ਟੀਚੇ ਨੂੰ ਹਾਸਲ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਾ ਗਿਆ ਹੈ।ਇਸ ਤਹਿਤ ਰਾਜ ਦੇ ਸਾਰੇ ਸਕੂਲਾਂ ਨੂੰ ਪੀਣ ਲਈ , ਹੱਥ ਥੋਣ ਲਈ, ਪਖਾਨਿਆਂ ’ਚ ਵਰਤੋਂ ਲਈ ਅਤੇ ਮਿਡ ਡੇਅ ਮੀਲ ਤਿਆਰ ਕਰਨ ਲਈ ਪਾਈਪ ਰਾਹੀਂ ਸਾਫ਼ ਪਾਣੀ ਦੀ ਸਪਲਾਈ ਮੁਹੱਈਆ ਕਰਵਾ ਦਿੱਤੀ ਹੈ। ਪੰਜਾਬ ਦੀ ਇਸ ਪ੍ਰਾਪਤੀ ਬਾਰੇ ਬੀਤੇ ਬੁੱਧਵਾਰ ਜਲ ਜੀਵਨ ਮਿਸ਼ਨ ਦੀ ’ਪ੍ਰਗਤੀ’ ਸਕੀਮ ਦੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ।

ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ 22,322 ਸਕੂਲ, ਜਿਨਾਂ ਵਿੱਚ 17,328 ਸਰਕਾਰੀ ਅਤੇ 4994 ਪ੍ਰਾਈਵੇਟ ਸਕੂਲ ਸ਼ਾਮਲ ਹਨ, ਨੂੰ ਜਲ ਸਪਲਾਈ ਮੁਹੱਈਆ ਕਰਵਾ ਦਿੱਤੀ ਗਈ ਹੈ।ਇਸੇ ਤਰਾਂ ਰਾਜ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਸਥਿਤ ਆਂਗਣਵਾੜੀਆਂ ਵਿੱਚ ਵੀ ਇਹ ਸਹੂਲਤ ਮੁਹੱਈਆ ਕਰਵਾਉਣ ਲਈ ਪ੍ਰਕਿਰਿਆ ਅੰਤਿਮ ਪੜਾਅ ’ਤੇ ਹੈ ਅਤੇ ਮਿੱਥੀ ਹੋਈ 100 ਦਿਨਾਂ ਦੀ ਸਮਾਂ ਸੀਮਾ ਦੇ ਦਰਮਿਆਨ ਮੁਕੰਮਲ ਹੋ ਜਾਵੇਗੀ।

ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਹਿਲਾਂ ਹੀ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕੀਤਾ ਗਿਆ ਹੈ ਜਿਸਦਾ ਮੁੜ ਟੀਚਾ ਰਾਜ ਦੇ ਬਾਸ਼ਿੰਦਿਆਂ ਨੂੰ ਪੀਣ ਵਾਲੇ ਪਾਣੀ ਦੀ ਸਾਫ਼ ਸਪਲਾਈ ਮੁਹੱਈਆ ਕਰਵਾ ਕੇ ਨਰੋਈ ਸਿਹਤ ਦੇਣਾ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੀ ਕੈਬਨਿਟ ਵੱਲੋਂ 30 ਦਸੰਬਰ 2020 ਨੂੰ ਸੁਸਾਇਟੀ ਫਾਰ ਮਿਸ਼ਨ ਤੰਦਰੁਸਤ ਪੰਜਾਬ ਦੀ ਸਥਾਪਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ ਤਾਂ ਜੋ ਮਿਸ਼ਨ ਤੰਦਰੁਸਤ ਅਧੀਨ ਚਲਾਈਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਤੋਂ ਇਲਾਵਾ ਖੋਜ ਤੇ ਵਿਕਾਸ ਰਾਹੀਂ ਵਾਤਾਵਰਣ, ਵਾਤਾਵਰਣ ਤਬਦੀਲੀ, ਜੈਵ ਵਿਭਿੰਨਤਾ ਸੰਭਾਲ ਅਤੇ ਟਿਕਾਊ ਵਿਕਾਸ ਨੂੰ ਮਜ਼ਬੂਤੀ ਦਿੱਤੀ ਜਾ ਸਕੇ।ਇਹ ਸੁਸਾਇਟੀ ਲੋਕਾਂ ਦੀ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਘਟਾਉਣ ਲਈ ਵਾਤਾਵਰਣ ਦੀ ਖ਼ਰਾਬੀ ਨੂੰ ਘਟਾਉਣ, ਵਾਤਾਵਰਣ ਪ੍ਰਦੂਸ਼ਣ ਦੇ ਮਾਰੂ ਪ੍ਰਭਾਵਾਂ ਨੂੰ ਘਟਾਉਣ ਸਬੰਧੀ ਪਾਇਲਟ ਸਟੱਡੀ/ਪਾ੍ਰਜੈਕਟ ’ਤੇ ਕੰਮ ਕਰਨ ਦੇ ਨਾਲ ਨਿਗਰਾਨੀ ਦਾ ਕੰਮ ਅਤੇ ਵਾਤਾਵਰਣ ਸਬੰਧੀ ਜਾਗਰੂਕਤਾ ਫੈਲਾਉਣ ਦਾ ਕੰਮ ਕਰੇਗੀ।ਇਸ ਸੁਸਾਇਟੀ ਦਾ ਮੁੱਖ ਮੰਤਵ ਮਿਸ਼ਨ ਤੰਦਰੁਸਤ ਪੰਜਾਬ ਦੀ ਕਾਇਆ ਕਲਪ ਕਰਨਾ ਹੈ ਤਾਂ ਜੋ ’ਸਰਕਾਰ ਦੀ ਪੂਰਨ ਪਹੁੰਚ’ ਰਾਹੀਂ ਜੀਵਨ ਲਈ ਉਸਾਰੂ ਵਾਤਾਵਰਣ ਪੈਦਾ ਕੀਤਾ ਜਾ ਸਕੇ।

ਇਸ ਮੁਹਿੰਮ ਵਿੱਚ 8 ਵਿਭਾਗ ਮੋਹਰੀ ਭੂਮਿਕਾ ਨਿਭਾ ਰਹੇ ਹਨ ਜਿਨਾਂ ਵਿੱਚੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਮਿਆਰੀ ਭੋਜਨ ਤੇ ਅਰੋਗੀ ਸਿਹਤ, ਜੰਗਲਾਤ ਤੇ ਜੰਗਲੀ ਜੀਵ ਰੱਖਿਆ ਵੱਲੋਂ ਗਰੀਨ ਪੰਜਾਬ ਟਰਾਂਸਪੋਰਟ ਸੜਕ ਸੁਰੱਖਿਆ, ਖੇਡ ਤੇ ਯੁਵਕ ਸੇਵਾਵਾਂ ਵੱਲੋਂ ਖੇਡੋ ਪੰਜਾਬ, ਖੇਤੀਬਾੜੀ ’ਤੇ ਕਿਸਾਨ ਭਲਾਈ ਵਿਭਾਗ ਵੱਲੋਂ ਉਪਜਾਊ ਮਿੱਟੀ, ਮਹਿਲਾ ਤੇ ਬਾਲ ਵਿਕਾਸ ਵੱਲੋਂ ਪੌਸ਼ਟਿਕ ਖੁਰਾਕ, ਵਾਤਾਵਰਣ ਮੰਤਰਾਲੇ ਵੱਲੋਂ ਸਾਫ਼ ਹਵਾ, ਸਾਫ਼ ਪਾਣੀ, ਕੂੜਾ ਕਰਕਟ ਪ੍ਰਬੰਧਨ ਤੋਂ ਇਲਾਵਾ ਹੋਰ ਉਹ ਸਾਰੀਆਂ ਗਤੀਵਿਧੀਆਂ ਜੋ ਕਿ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਲਈ ਲਾਭਕਾਰੀ ਹੋਣ ’ਤੇ ਕੰਮ ਕਰ ਰਹੇ ਹਨ।

ਹਰੇਕ ਵਿਭਾਗ ਵੱਲੋਂ ਆਪਣੇ ਸਬ ਮਿਸ਼ਨ ਅਧੀਨ ਮਹੱਤਵਪੂਰਨ ਕੇਂਦਰ ਬਿੰਦੂਆਂ ਸਬੰਧੀ ਸਲਾਨਾ ਕਾਰਜ ਯੋਜਨਾ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਟੀਚੇ ਹਾਸਲ ਕੀਤੇ ਜਾ ਸਕਣ।ਇਸ ਤੋਂ ਇਲਾਵਾ ਮੁੱਖ ਵਿਭਾਗ ਅਤੇ ਸਬੰਧਤ ਵਿਭਾਗਾਂ ਵੱਲੋਂ ਮਿਸ਼ਨ ਤੰਦਰੁਸਤ ਦੇ ਉਦੇਸ਼ਾਂ ਦੀ ਪੂਰਤੀ ਲਈ ਸਬ ਮਿਸ਼ਨ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਇਸ ਬਾਬਤ ਹੋਣ ਵਾਲੇ ਖੋਜ ਤੇ ਵਿਕਾਸ ਅਧਿਐਨ, ਜਾਂਚ ਅਤੇ ਖੇਤਰੀ ਸਰਵੇਖਣ ਕੀਤੇ ਜਾ ਸਕਣ ਜਿਸ ਨਾਲ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਵਾਤਾਵਰਣ ਤੇ ਵਾਤਾਵਰਣ ਵਿਗਿਆਨ, ਹਵਾ ਤੇ ਪਾਣੀ ਦੀ ਗੁਣਵੱਤਾ ਦਾ ਮੁਲਾਂਕਣ ਤੇ ਨਿਗਰਾਨੀ ਕਰਨ ਲਈ ਲੋੜੀਂਦੇ ਢਾਂਚੇ ਦੀ ਮਜ਼ਬੂਤੀ ਤੇ ਲੈਬਾਰਟਰੀਆਂ ਦੇ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾ ਸਕੇ।ਇਸ ਤੋਂ ਇਲਾਵਾ ਸਿਹਤ ਪ੍ਰਭਾਵਾਂ ਦੇ ਮੁਲਾਂਕਣ,ਪ੍ਰਦੂਸ਼ਣ ਦੇ ਸਰੋਤਾਂ, ਸੁਝਾਵਾਂ ਦੇ ਹੱਲ, ਪ੍ਰਦੂਸ਼ਣ ਦੇ ਖਾਤਮੇ ਦੀਆਂ ਪ੍ਰਕਿਰਿਆਵਾਂ ਅਤੇ ਵਿਧੀ, ਵਿਗਿਆਨਕ ਰਹਿੰਦ-ਖੂੰਹਦ ਪ੍ਰਬੰਧਨ, ਜੈਵ ਵਿਭਿੰਨਤਾ ਦੀ ਸੰਭਾਲ, ਜੰਗਲਾਂ ਦੇ ਬਾਹਰ ਦਰੱਖਤ ਵਧਾਉਣ ਅਤੇ ਮੌਸਮ ਵਿੱਚ ਤਬਦੀਲੀ ਤੋਂ ਇਲਾਵਾ ਸੂਬੇ ਦੀਆਂ ਹੋਰ ਸੰਸਥਾਵਾਂ, ਅਕਾਦਮਿਕ ਤੇ ਖੋਜ ਸੰਸਥਾ, ਗੈਰ ਸਰਕਾਰੀ ਸੰਸਥਾਵਾਂ ਨੂੰ ਵਾਤਾਵਰਣ ਦੇ ਸੁਧਾਰ ਲਈ ਸ਼ਾਮਲ ਕਰਨ ਵਾਸਤੇ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਸਰਕਾਰ ਨਿਸ਼ਚਿਤ ਕਰੇ 4 ਜਨਵਰੀ ਦੀ ਮੀਟਿੰਗ ‘ਚ ਉਹ ਕਾਲੇ ਕਾਨੂੰਨ ਰੱਦ ਕਰਨ ਦਾ ਫੈਸਲਾ ਲਵੇਗੀ : ਭਗਵੰਤ ਮਾਨ

ਸੈਂਕੜੇ ਕਰੋੜਾਂ ਦੀ ਪੀ. ਏ. ਸੀ. ਐਲ. ਨੰਗਲ ਦੀ ਕੌਡੀਆਂ ਦੇ ਭਾਅ ਹੋਈ ਵਿਕਰੀ ਦੀ ਹੋਵੇ ਜਾਂਚ – ਆਪ