ਚੰਡੀਗੜ੍ਹ, 20 ਮਾਰਚ 2022 – ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਨੇ 19 ਮਾਰਚ ਨੂੰ ਸਹੁੰ ਚੁੱਕ ਲਈ ਹੈ। ਇਸ ਕੈਬਨਿਟ ’ਚ 10 ਮੰਤਰੀਆਂ ਨੇ ਸਹੁੰ ਚੁੱਕੀ ਹੈ। ਜਦੋਂ ਕੇ ਪੰਜਾਬ ਕੈਬਿਨੇਟ ‘ਚ 7 ਅਹੁਦੇ ਅਜੇ ਵੀ ਖਾਲੀ ਹਨ। 10 ਨਵੇਂ ਕੈਬਨਿਟ ਮੰਤਰੀਆਂ ਸਣੇ ਮੁੱਖ ਮੰਤਰੀ ਸਮੇਤ 11 ਮੰਤਰੀ ਸਰਕਾਰ ’ਚ ਸ਼ਾਮਲ ਹੋ ਚੁੱਕੇ ਹਨ। ਸੰਵਿਧਾਨਕ ਨਿਯਮਾਂ ਅਨੁਸਾਰ ਪੰਜਾਬ ਕੈਬਨਿਟ ’ਚ ਕੁਲ 18 ਮੰਤਰੀ ਸ਼ਾਮਲ ਕੀਤੇ ਜਾ ਸਕਦੇ ਹਨ।
ਪਰ ਅਜੇ ਤਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਅਗਲਾ ਕੈਬਨਿਟ ਵਿਸਤਾਰ ਕਦੋਂ ਕੀਤਾ ਜਾਵੇਗਾ ਅਤੇ ਖ਼ਾਲੀ ਪਏ ਅਹੁਦੇ ਕਦੋਂ ਭਰੇ ਜਾਣਗੇ। ਅਜੇ ਮੁੱਖ ਮੰਤਰੀ ਸਮੇਤ 11 ਮੰਤਰੀਆਂ ਕੋਲ ਸਾਰੇ ਸਰਕਾਰੀ ਮਹਿਕਮੇ ਰਹਿਣਗੇ। ਇਸ ਲਈ ਮੰਤਰੀਆਂ ਉੱਤੇ ਕਾਫ਼ੀ ਬੋਝ ਆ ਜਾਵੇਗਾ। ਪਰ ਅਜੇ ਤੱਕ ਇਨ੍ਹਾਂ ਨਵੇਂ ਮੰਤਰੀਆਂ ਨੂੰ ਸਰਕਾਰੀ ਮਹਿਕਮਿਆਂ ਦੀ ਵੰਡ ਵੀ ਨਹੀਂ ਕੀਤੀ ਗਈ ਹੈ।
ਪੰਜਾਬ ਰਾਜ ਭਵਨ ਦੇ ਕੰਪਲੈਕਸ ਵਿਚ ਨਵੇਂ ਬਣੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਹਲਫ਼ ਲੈਣ ਵਾਲੇ ਕੈਬਨਿਟ ਮੰਤਰੀਆਂ ਵਿਚ ਦ੍ਰਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ, ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਵਿਧਾਇਕ ਹਰਭਜਨ ਸਿੰਘ ਈ.ਟੀ.ਓ., ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ, ਭੋਆ ਤੋਂ ਵਿਧਾਇਕ ਲਾਲ ਚੰਦ, ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਸ਼ਾਮਲ ਹਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਲੇ ਕੈਬਨਿਟ ਵਿਸਤਾਰ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਛੇਤੀ ਚਰਚਾ ਕੀਤੀ ਜਾਵੇਗੀ। ਅੱਜ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਵਰਚੁਅਲ ਮੀਟਿੰਗ ਵੀ ਕੀਤੀ ਜਾਣੀ ਹੈ।
ਪੰਜਾਬ ਕੈਬਨਿਟ ’ਚ ਅਜੇ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਆਦਿ ਨੂੰ ਨੁਮਾਇੰਦਗੀ ਦਿੱਤੀ ਜਾਣੀ ਬਾਕੀ ਹੈ। ਸ਼ਨੀਵਾਰ ਹੋਏ ਕੈਬਨਿਟ ਵਿਸਤਾਰ ਵੱਲ ਸਮੁੱਚੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਕੈਬਨਿਟ ਵਿਸਤਾਰ ਤੋਂ ਬਾਅਦ ਹੁਣ ਇਨ੍ਹਾਂ ਨਵੇਂ ਮੰਤਰੀਆਂ ਨੂੰ ਸਰਕਾਰੀ ਮਹਿਕਮਿਆਂ ਦੀ ਵੰਡ ਵੀ ਕੀਤੀ ਜਾਵੇਗੀ।