ਚੰਡੀਗੜ੍ਹ, 6 ਜਨਵਰੀ 2023- ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ ਹੋ ਗਈ ਹੈ। ਮੀਟਿੰਗ ਦੇ ਵਿੱਚ ਅੱਜ ਕਈ ਫ਼ੈਸਲੇ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ, ਮਿਲਕਫ਼ੈਡ ਵਿਚ 500 ਤੋਂ ਜਿਆਦਾ ਖ਼ਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਭਰਤੀ ਗਰੁੱਪ ਸੀ ਅਤੇ ਡੀ ‘ਚ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਕਰੀਬ 150 ਮੁਲਾਜ਼ਮਾਂ ਦੀ ਪੰਜਾਬ ਸਕੱਤਰੇਤ ਵਿੱਚ ਭਰਤੀ ਕੀਤੀ ਜਾਵੇਗੀ। ਮੀਟਿੰਗ ਵਿਚ ਪੰਜਾਬ ਡਾਇਰਟੋਰੇਟ ਹਾਇਰ ਐਜੂਕੇਸ਼ਨ ਦਾ ਨਾਮ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਦੀ ਸਾਂਭ-ਸੰਭਾਲ, ਸਫ਼ਾਈ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 33 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਸ ਦੇ ਨਾਲ ਹੀ ਸਰਕਾਰ ਨੇ ਸਕੂਲਾਂ ਲਈ ਵੱਡਾ ਫ਼ੈਸਲਾ ਲਿਆ ਹੈ ਅਤੇ ਸਾਂਭ ਸੰਭਾਲ ਲਈ ਸਕੂਲ ਦੀ ਮੈਨੇਜਮੈਂਟ ਸਫ਼ਾਈ ਕਾਮਿਆਂ ਤੇ ਚੌਂਕੀਦਾਰ ਅਤੇ ਹੋਰਨਾਂ ਕੰਮਾਂ ਦਾ ਪ੍ਰਬੰਧ ਕਰਨਗੀਆਂ। ਇਸ ਤਰ੍ਹਾਂ ਕਰਨ ਨਾਲ 14000 ਦੇ ਕਰੀਬ ਅਸਿੱਧੇ ਤੌਰ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਵਿੱਤ ਮੰਤਰੀ ਨੇ ਕਿਹਾ ਕਿ, ਅਧਿਆਪਕਾਂ ਕੋਲੋਂ ਪੜ੍ਹਾਉਣ ਦਾ ਕੰਮ ਹੀ ਲਿਆ ਜਾਵੇਗਾ।
ਸਕਰੈਪਿੰਗ ਪਾਲਿਸੀ ਅਧੀਨ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਸਕਰੈਪ ਨੀਤੀ ਬਾਰੇ ਚੀਮਾ ਨੇ ਕਿਹਾ ਕਿ ਪੁਰਾਣੇ ਵਾਹਨਾਂ, ਜਿਸ ਵਿੱਚ ਵਪਾਰਕ ਗੈਰ-ਵਪਾਰਕ ਵੀ ਸ਼ਾਮਲ ਹਨ, ਸਬੰਧੀ ਸਖ਼ਤੀ ਹੋਵੇਗੀ ਅਤੇ ਰੋਡ ਟੈਕਸ ਵਿੱਚ ਰਿਆਇਤ ਦਿੱਤੀ ਜਾਵੇਗੀ। 5 ਤੋਂ 15% ਦੀ ਛੋਟ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਹੈ। ਸੁੰਦਰ ਸ਼ਾਮ ਅਰੋੜਾ ਬਨਾਮ ਹੋਰ ਅਫਸਰਾਂ ਖਿਲਾਫ ਕਾਰਵਾਈ ਕੀਤੀ ਹੈ, ਜਿਸ ਤਹਿਤ ਅਸੀਂ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਨੂੰ ਲਗਾਤਾਰ ਤੇਜ਼ ਕਰ ਰਹੇ ਹਾਂ। ਉਸ ਸਮੇਂ ਕਾਂਗਰਸ ਦੀ ਸਰਕਾਰ ਸੀ, ਜਿਸ ਵਿਚ ਅਸੀਂ ਵੀ ਆਵਾਜ਼ ਉਠਾਈ ਸੀ, ਪਰ ਇਹ ਭ੍ਰਿਸ਼ਟਾਚਾਰ ਦਾ ਟੋਲਾ ਸੀ, ਇਸ ਲਈ ਇਸ ਵਿਚ ਸ਼ਾਮਲ ਸੀ। ਹੁਣ ਕਈ ਫਾਈਲਾਂ ਖੁੱਲ੍ਹ ਰਹੀਆਂ ਹਨ।