ਪੰਜਾਬ ਨੇ ਸਿਹਤ ਦੇ ਖੇਤਰ ਵਿੱਚ ਰਚਿਆ ਇਤਿਹਾਸ, ‘ਸੁਰੱਖਿਅਤ ਮਾਤ੍ਰਿਤਵ ਆਸ਼ਵਾਸਨ ਪ੍ਰੋਗਰਾਮ’ ਲਾਗੂ ਕਰਨ ਵਿੱਚ ਮਿਲਿਆ ਪਹਿਲਾ ਇਨਾਮ

  • ਪੰਜਾਬ ਚ ਮਾਂ ਤੇ ਬੱਚੇ ਦੀ ਸਿਹਤ ਅਤੀ ਸੁਰੱਖਿਅਤ : ਚੇਤਨ ਸਿੰਘ ਜੌੜਾਮਾਜਰਾ
  • ਕੇਂਦਰ ਵੱਲੋਂ ਪੰਜਾਬ ਦੇ ਸਿਹਤ ਢਾਂਚੇ ਦੀ ਕੀਤੀ ਸ਼ਲਾਘਾ : ਸੁਰੱਖਿਅਤ ਮਾਤ੍ਰਿਤਵ ਆਸ਼ਵਾਸਨ ਪ੍ਰੋਗਰਾਮ ਲਾਗੂ ਕਰਨ ਵਿੱਚ ਮੋਹਰੀ ਰਾਜ

ਚੰਡੀਗੜ੍ਹ : ਦਸੰਬਰ 17, 2022 – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਿਹਤ ਢਾਂਚੇ ਨੂੰ ਸੁਧਾਰਨ ਦੇ ਮੰਤਵ ਨਾਲ਼ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਦਿਖ ਰਿਹਾ ਹੈ। ਦਿੱਲੀ ਵਿਖੇ ਮਾਤ੍ਰੀ ਸਿਹਤ ਦੇ ਵਿਸ਼ੇ ਤੇ ਆਯੋਜਿਤ ਰਾਸ਼ਟਰੀ ਵਰਕਸ਼ਾਪ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਵੱਲੋਂ ਪੰਜਾਬ ਨੂੰ ਸੁਰੱਖਿਅਤ ਮਾਤ੍ਰਿਤਵ ਆਸ਼ਵਾਸਨ (ਸੁਮਨ) ਪ੍ਰੋਗਰਾਮ ਨੂੰ ਸੂਬੇ ਵਿੱਚ ਸਫ਼ਲਤਾਪੂਰਵਕ ਲਾਗੂ ਕਰਨ ਵਿੱਚ ਪਹਿਲਾ ਇਨਾਮ ਦਿੱਤਾ ਗਿਆ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਰਾਜ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਾਰਜਭਾਰ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣ ਦੇ ਆਪਣੇ ਪ੍ਰਣ ਨੂੰ ਮੁੱਖ ਰੱਖਦੇ ਹੋਏ ਅਣਥੱਕ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਯਤਨਾਂ ਦੀ ਬਦੌਲਤ ਅੱਜ ਪੰਜਾਬ ਵਿੱਚ ਜੋ ਸਿਹਤ ਢਾਂਚਾ ਪਹਿਲਾਂ ਬਹੁਤ ਹੀ ਬਿਗੜੀ ਹਾਲਤ ਵਿੱਚ ਸੀ, ਅੱਜ ਉਸ ਵਿੱਚ ਬਹੁਤ ਸੁਧਾਰ ਨਜ਼ਰ ਆ ਰਹੇ ਹਨ । ਪੰਜਾਬ ਵਿੱਚ ਜੱਚਾ-ਬੱਚਾ ਮੌਤ ਦਰ ਨੂੰ ਘਟਾਉਣ ਦੇ ਮੰਤਵ ਨਾਲ਼ ਸ਼ੁਰੂ ਕੀਤੇ ਗਏ ਰਾਸ਼ਟਰੀ ‘ਸੁਮਨ’ ਪ੍ਰੋਗਰਾਮ ਨੂੰ ਬਹੁਤ ਹੀ ਸਫ਼ਲਤਾਪੂਰਵਕ ਢੰਗ ਨਾਲ਼ ਲਾਗੂ ਕੀਤਾ ਗਿਆ ਹੈ ,ਜਿਸ ਅਧੀਨ ਗਰਭਵਤੀ ਔਰਤਾਂ ਨੂੰ ਬਿਹਤਰ ਜਣੇਪਾ ਸੁਵਿਧਾਵਾਂ ਦੇਣ ਦੀ ਗਰੰਟੀ ਹੈ ।

ਸਿਹਤ ਮੰਤਰੀ ਨੇ ਦੱਸਿਆ ਕਿ ਕੇਂਦਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਵਿੱਚ ਵੀ ਪੰਜਾਬ ਵਿੱਚ ਮਾਂਵਾਂ ਦੀ ਮੌਤ ਦਰ ਵਿੱਚ ਬਹੁਤ ਸੁਧਾਰ ਦੇਖਣ ਨੂੰ ਮਿਲਿਆ ਹੈ ਜੋ ਕਿ ਰਾਜ ਵਿੱਚ ਸਿਹਤ ਢਾਂਚੇ ਵਿੱਚ ਹੋ ਰਹੇ ਸਕਾਰਾਤਮਕ ਬਦਲਾਅ ਨੂੰ ਦਰਸਾਉਂਦਾ ਹੈ । ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ ਵਿਸ਼ੇਸ਼ ਤੌਰ ਤੇ ਡਾਇਰੈਕਟਰ ਸਿਹਤ ਸੇਵਾਵਾਂ(ਪ.ਭ.) ਡਾ. ਰਵਿੰਦਰਪਾਲ ਕੌਰ, ਸਹਾਇਕ ਡਾਇਰੈਕਟਰ ਡਾ. ਵਨੀਤ ਨਾਗਪਾਲ , ਪ੍ਰੋਗਰਾਮ ਅਫ਼ਸਰ ਡਾ. ਇੰਦਰਦੀਪ ਕੌਰ ਅਤੇ ਹੋਰ ਪੈਰਾਮੈਡੀਕਲ ਸਟਾਫ਼ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਵਧਾਈ ਦਿੱਤੀ ਜਿਨ੍ਹਾਂ ਵੱਲੋਂ ਰਾਜ ਵਿੱਚ ‘ਸੁਮਨ’ ਪ੍ਰੋਗਰਾਮ ਅਧੀਨ ਸਿਹਤ ਸਹੂਲਤਾਂ ਦੇਣ ਲਈ ਤਨਦੇਹੀ ਨਾਲ਼ ਕੰਮ ਕੀਤਾ ਹੈ ।

ਸਿਹਤ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਤਾਂ ਹੀ ਸੰਭਵ ਹੈ ਜੇਕਰ ਉਸਦੇ ਵਸਨੀਕ ਸਿਹਤਮੰਦ ਹੋਣਗੇ ਇਸ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਪਰਮ ਅਗੇਤ ਦਿੱਤੀ ਗਈ ਹੈ ਤਾਂ ਜੋ ਪੰਜਾਬ ਇੱਕ ਵਿਕਸਿਤ ਅਤੇ ਖੁਸ਼ਹਾਲ ਸੂਬਾ ਬਣ ਸਕੇ ।

ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਸਰਕਾਰ ਦੇ ਸਿਹਤ ਸੰਬਧੀ ਕੀਤੇ ਜਾ ਰਹੇ ਯਤਨਾਂ ਸਦਕਾ ਪੰਜਾਬ ਦੇ ਸਿਹਤ ਦੇ ਢਾਂਚੇ ਵਿੱਚ ਥੋੜ੍ਹੇ ਸਮੇਂ ਵਿੱਚ ਬਹੁਤ ਵਿਕਾਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਛੇਤੀ ਹੀ ਸਾਕਾਰ ਹੋਣਗੇ ਅਤੇ ਪੰਜਾਬ ਦੇਸ਼ ਵਿੱਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਖੇਤਰ ਵਿੱਚ ਪਹਿਲੇ ਨੰਬਰ ਤੇ ਹੋਵੇਗਾ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬਿਆਂ ਦੀ ਖੁਦਮੁਖਤਿਆਰ ਅਤੇ ਸਾਡਾ ਵਿਕਾਸ ਮਾਡਲ ਵਿਸ਼ੇ ‘ਤੇ ਵਿਚਾਰ ਸਮਾਗਮ

ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 25 ਜਨਰਲ ਸਕੱਤਰਾਂ ਦਾ ਐਲਾਨ