- ਹੈਰੋਇਨ ਕਰਨ ਜਾ ਰਿਹਾ ਸੀ ਸਪਲਾਈ
ਚੰਡੀਗੜ੍ਹ, 11 ਸਤੰਬਰ 2025 – ਕਾਂਗੜਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਧਰਮਸ਼ਾਲਾ ਪੁਲਿਸ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਨੌਜਵਾਨ ਨੂੰ ਸਕੋਹ ਕਾਂਚੀ ਮੋੜ ਨੇੜੇ 23 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸੋਨੂੰ (26) ਵਜੋਂ ਹੋਈ ਹੈ।
ਉਹ ਪਿੰਡ ਬਸਤੀ ਰਾਏਆਂ ਵਾਲੀ, ਤਹਿਸੀਲ ਗੁਰੂਹਰ ਸਹਾਏ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਮੁਲਜ਼ਮ ਲੰਬੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਸੀ। ਇਸ ਕਾਰਨ ਪੁਲਿਸ ਉਸ ‘ਤੇ ਨਜ਼ਰ ਰੱਖ ਰਹੀ ਸੀ। ਦੇਰ ਰਾਤ ਗਸ਼ਤ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਕਿਸੇ ਹੋਰ ਰਾਜ ਤੋਂ ਹੈਰੋਇਨ ਲੈ ਕੇ ਧਰਮਸ਼ਾਲਾ ਆਇਆ ਸੀ।
ਪੁਲਿਸ ਨੇ ਤੁਰੰਤ ਮੌਕੇ ਨੂੰ ਘੇਰਾ ਪਾ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਖ਼ਿਲਾਫ਼ ਨਾਰਕੋਟਿਕਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਨੈੱਟਵਰਕ ਨਾਲ ਸਬੰਧਤ ਹੋਰ ਖੁਲਾਸੇ ਹੋਣ ਦੀ ਉਮੀਦ ਕਰ ਰਹੀ ਹੈ।

