ਚੰਡੀਗੜ੍ਹ, 23 ਜੁਲਾਈ 2025 – ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ 25 ਜੁਲਾਈ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:00 ਵਜੇ ਮੁੱਖ ਮੰਤਰੀ ਰਿਹਾਇਸ਼, ਕੋਠੀ ਨੰ: 45, ਸੈਕਟਰ-2, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਅਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਅਤੇ ਇਸ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅਜੇ ਦੋ ਦਿਨ ਪਹਿਲਾਂ 22 ਜੁਲਾਈ ਨੂੰ ਹੋਈ ਸੀ। ਇਹ ਮੀਟਿੰਗ ਸਵੇਰੇ 10:30 ਵਜੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਸ ‘ਤੇ ਹੋਈ ਸੀ ਅਤੇ ਇਸ ਦੌਰਾਨ ਲੈਂਡ ਪੂਲਿੰਗ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਗਈ ਅਤੇ ਇਸ ਪਾਲਿਸੀ ‘ਚ ਕੁੱਝ ਬਦਲਾਅ ਕੀਤੇ ਗਏ ਸਨ। ਜਿਵੇਂ ਕਿ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲੈਂਡ ਪੂਲਿੰਗ ਨੀਤੀ 2025 ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ।
- ਲੈਂਡ ਪੂਲਿੰਗ ਪਾਲਸੀ ਤਹਿਤ ਨੋਟੀਫਿਕੇਸ਼ਨ ਜਾਰੀ ਹੋਣ ‘ਤੇ ਰਜਿਸਟਰੀਆਂ ਬੰਦ ਨਹੀਂ ਹੋਣਗੀਆਂ।
- Letter of Intent ਮਿਲਣ ਤੋਂ ਬਾਅਦ ਵੀ ਕਿਸਾਨ ਇਸ ‘ਤੇ ਲੋਨ ਲੈ ਸਕਦੇ ਹਨ।
- ਵਿਕਾਸ ਸ਼ੁਰੂ ਹੋਣ ਤੱਕ ਕਿਸਾਨ ਖੇਤੀ ਕਰ ਸਕਣਗੇ, ਜਿਸਦੀ ਕਮਾਈ ਵੀ ਕਿਸਾਨ ਦੀ ਹੀ ਹੋਵੇਗੀ।
- ਜਦ ਤੱਕ ਵਿਕਾਸ ਨਹੀਂ ਹੁੰਦਾ, ਕਿਸਾਨਾਂ ਨੂੰ ਸਲਾਨਾ ₹50,000 ਪ੍ਰਤੀ ਏਕੜ ਮਿਲੇਗਾ।
- ਵਿਕਾਸ ਸ਼ੁਰੂ ਹੋਣ ‘ਤੇ ਇਹ ਰਕਮ ₹1 ਲੱਖ ਪ੍ਰਤੀ ਏਕੜ ਹੋਵੇਗੀ।
- ਵਿਕਾਸ ਪੂਰਾ ਹੋਣ ਤੱਕ ₹1 ਲੱਖ ਪ੍ਰਤੀ ਏਕੜ ‘ਚ ਮਿਲੇਗਾ ਸਲਾਨਾ 10% ਦਾ ਵਾਧਾ।
- ਜ਼ਮੀਨ ਮਾਲਕਾਂ ਵੱਲੋਂ ਕਮਰਸ਼ੀਅਲ ਜਗ੍ਹਾ ਨਾ ਲੈਣ ਦੀ ਸੂਰਤ ‘ਚ ਬਦਲੇ ਵਿੱਚ ਤਿੰਨ ਗੁਣਾ ਵੱਧ ਰਿਹਾਇਸ਼ੀ ਥਾਂ ਮਿਲੇਗੀ।

