- ਸੂਬਾ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਵਿੱਚ ਕੀਤੀਆੰ ਜਾ ਰਹੀਆੰ ਧਾਂਦਲੀਆੰ ਨੇ ਲੋਕਤੰਤਰ ਦਾ ਘਾਣ ਕੀਤਾ
ਮੋਹਾਲੀ 7 ਅਕਤੂਬਰ 2024 – ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕਰਨ ਵਿੱਚ ਨਾਕਾਮ ਸਾਬਿਤ ਹੋਈ। ਪ੍ਰੋ. ਚੰਦੂਮਾਜਰਾ ਨੇ ਆਖਿਆ ਝੋਨੇ ਦੀ ਖਰੀਦ ਦੇ ਉੱਚਿਤ ਪ੍ਰਬੰਧਾਂ ਲਈ ਸੂਬਾ ਸਰਕਾਰ ਅਵੇਸਲੀ ਦਿਖਾਈ ਦਿੱਤੀ। ਉਨ੍ਹਾਂ ਆਖਿਆ ਕਿ ਨਵੀਂ ਝੋਨੇ ਦੀ ਫ਼ਸਲ ਦੇ ਰੱਖ ਰਖਾਅ ਲਈ ਵੱਡੀ ਸਮੱਸਿਆ ਸਾਹਮਣੇ ਖੜ੍ਹੀ ਹੈ ਕਿਉਂ ਕਿ ਪਿਛਲੇ ਸਾਲ ਦਾ ਤਕਰੀਬਨ ਪੰਜ ਲੱਖ ਮੀਟ੍ਰਿਕ ਟਨ ਚਾਵਲ ਨਾ ਲੱਗਣ ਕਰਕੇ ਸੈਲਰ ਮਾਲਕਾਂ ਵਿੱਚ ਬੇਚੈਨੀ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਇਸਦੇ ਪੁਖਤਾ ਪ੍ਰਬੰਧਾਂ ਲਈ ਸੂਬੇ ਦੇ ਮੁੱਖ ਮੰਤਰੀ ਅਤੇ ਨਾ ਹੀ ਕਿਸੇ ਵਜ਼ੀਰ ਵੱਲੋਂ ਦਿੱਲੀ ਜਾਕੇ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੂਬਾ ਸਰਕਾਰ ਸ਼ੈਲਰ ਮਾਲਕਾਂ ਦੀ ਮੁਸ਼ਕਲ ਨੂੰ ਹੱਲ ਕਰਵਾਉਣ ਵਿੱਚ ਨਾਕਾਮ ਸਾਬਿਤ ਹੋਈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਅੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਵਿੱਚ ਧੜ੍ਹੇਬਾਜੀ ਬਣਾਕੇ ਕਿਸਾਨਾਂ ਨਾਲ ਲੜ੍ਹਾ ਰਹੀ ਹੈ। ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆੰ ਦੇ ਆਪਸੀ ਰਿਸਤੇ ਵੀ ਖੇਰੂ-ਖੇਰੂ ਹੋ ਰਹੇ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਸੰਬੰਧੀ ਮੇਰੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਕੇ ਮੰਡੀਆੰ ਵਿੱਚ ਰੁਲ ਰਹੇ ਕਿਸਾਨਾਂ ਦੀ ਸਾਰ ਲਈ ਅਰਜੋਈ ਕੀਤੀ ਗਈ, ਪ੍ਰੰਤੂ ਸੂਬਾ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੋਈ ਹੈ। ਉਨ੍ਹਾਂ ਆਖਿਆ ਕਿ ਮੇਰੇ ਵੱਲੋਂ ਸੂਬੇ ਦੇ ਮਾਨਯੋਗ ਗਵਰਨਰ ਸਾਹਿਬ ਨੂੰ ਵੀ ਪੱਤਰ ਲਿਖ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੌਰਾਨ ਚੱਲ ਰਹੇ ਇਸ ਮਸਲੇ ਦਾ ਜਲਦ ਨਿਪਟਾਰਾ ਕਰਵਾਉਣ ਲਈ ਪਹਿਲਕਦਮੀ ਕੀਤੀ ਗਈ, ਤਾਂ ਜੋ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਨੂੰ ਰਾਹਤ ਹਾਸਿਲ ਕਰਵਾਈ ਜਾਵੇ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਸੂਬਾ ਸਰਕਾਰ ਵੱਲੋਂ ਤਿਉਹਾਰਾਂ ਅਤੇ ਝੋਨੇ ਦੇ ਸੀਜਨ ਮੌਕੇ ਰੱਖੀਆੰ ਪੰਚਾਇਤ ਚੋਣਾਂ ਨੂੰ ਸ਼ਾਜਿਸ ਦਾ ਇੱਕ ਵੱਡਾ ਹਿੱਸਾ ਦੱਸਿਆ ਤਾਂ ਜੋ ਪੰਚਾਇਤੀ ਚੋਣਾਂ ਵਿੱਚ ਕੀਤੀਆਂ ਜਾ ਰਹੀਆੰ ਧਾਂਦਲੀਆਂ ਵੱਲ ਲੋਕਾਂ ਦਾ ਧਿਆਨ ਨਾ ਜਾ ਸਕੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਪ੍ਰਸ਼ਾਸਨਿਕ ਮਸ਼ੀਨਰੀ ਦੀ ਦੁਰਵਰਤੋੰ ਕਰਕੇ ਪੰਚਾਇਤੀ ਚੋਣਾਂ ਚ ਵੱਡੀ ਪੱਧਰ ਤੇ ਕਾਗਜ ਰੱਦ ਕਰਵਾ ਰਹੀ ਹੈ ਜੋ ਲੋਕਤੰਤਰ ਦਾ ਕਾਤਲ ਹੈ। ਉਨ੍ਹਾਂ ਆਖਿਆ ਕਿ ਇੰਨੀ ਵੱਡੀ ਪੱਧਰ ਉੱਤੇ ਕਾਗਜ ਰੱਦ ਕਰਨ ਕਰਕੇ ਹਾਈਕੋਰਟ ਵਿੱਚ ਪਟੀਸ਼ਨਕਰਤਾ ਦੀਆਂ ਫਾਈਲਾਂ ਦੇ ਅੰਬਰ ਲੱਗ ਚੁੱਕੇ ਹਨ,ਜਿਸ ਕਰਕੇ ਸੂਬਾ ਸਰਕਾਰ ਨੇ ਆਪਣਾ ਲੋਕਾਂ ਦੇ ਵਿੱਚੋ ਵਿਸ਼ਵਾਸ ਪੂਰਨ ਤੌਰ ਤੇ ਗੁਆ ਚੁੱਕੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀਆੰ ਪੰਚਾਇਤੀ ਚੋਣਾਂ ਵਿੱਚ ਸਰਕਾਰ ਦੁਆਰਾ ਕੀਤੀਆੰ ਜਾ ਰਹੀਆੰ ਧਾਂਦਲੀਆੰ ਨੇ ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਤੇ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਵੀ ਲਾਂਬੂ ਲਗਾਇਆ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਅਜਿਹੀਆੰ ਪਿਰਤਾਂ ਪਾਕੇ ਸੂਬੇ ਦੀ ਭਾਈਚਾਰਕ ਸਾਂਝ ਨੂੰ ਬਰਬਾਦ ਨਾ ਕੀਤਾ ਜਾਵੇ।