ਕੈਨੇਡਾ ਤੋਂ ਵਿਦਿਆਰਥੀ ਡਿਪੋਰਟ ਕਰਨ ਦਾ ਮਾਮਲਾ: ਪੰਜਾਬ ਸਰਕਾਰ ਐਕਸ਼ਨ ‘ਚ, ਧਾਲੀਵਾਲ ਕਰਨਗੇ ਮੀਟਿੰਗ

  • ਟਰੈਵਲ ਏਜੰਟ ਦੀ ਧੋਖਾਧੜੀ ਕਾਰਨ 700 ਵਿਦਿਆਰਥੀ ਪ੍ਰੇਸ਼ਾਨ

ਚੰਡੀਗੜ੍ਹ, 8 ਜੂਨ 2023 – ਕੈਨੇਡਾ ਤੋਂ ਕਰੀਬ 700 ਭਾਰਤੀ ਵਿਦਿਆਰਥੀਆਂ ਨੂੰ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਵਿਦਿਆਰਥੀ ਹਨ। ਇਸ ਕਾਰਨ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਵਿਦਿਆਰਥੀਆਂ ਦੀ ਵਕਾਲਤ ਕਰਨ ਲਈ ਮੀਟਿੰਗ ਕਰਨਗੇ।

ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਧਾਲੀਵਾਲ ਇਸ ਮੀਟਿੰਗ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਦੇਸ਼ ਨੀਤੀ ਦੇ ਜਾਣਕਾਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ, ਤਾਂ ਜੋ 700 ਭਾਰਤੀ ਵਿਦਿਆਰਥੀਆਂ ਲਈ ਲਾਬਿੰਗ ਕਰਕੇ ਉਨ੍ਹਾਂ ਦੇ ਡਿਪੋਰਟ ਕੀਤੇ ਜਾਣ ਦੇ ਖ਼ਤਰੇ ਨੂੰ ਟਾਲਿਆ ਜਾ ਸਕੇ।

ਦਰਅਸਲ, ਇਹ ਸਾਰੇ ਭਾਰਤੀ ਵਿਦਿਆਰਥੀ ਟਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਏ। ਕਿਉਂਕਿ ਜੋ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਸਨ, ਉਨ੍ਹਾਂ ਦੇ ਦਸਤਾਵੇਜ਼ ਜਾਂਚ ‘ਚ ਜਾਅਲੀ ਪਾਏ ਗਏ ਸਨ। ਵਿਦਿਆਰਥੀਆਂ ਨੂੰ ਭਾਰਤ ਡਿਪੋਰਟ ਕਰਨ ਦੇ ਮਾਮਲੇ ਵਿੱਚ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀਆਂ ਅਨੁਸਾਰ ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਉਨ੍ਹਾਂ ਨਾਲ ਟਰੈਵਲ ਏਜੰਟ ਵੱਲੋਂ ਠੱਗੀ ਮਾਰੀ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਾਰਚ ਮਹੀਨੇ ‘ਚ ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ ਵੱਲੋਂ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ। ਵਿਦਿਆਰਥੀਆਂ ਨੂੰ ਧੋਖਾ ਦੇਣ ਵਾਲੇ ਟਰੈਵਲ ਏਜੰਟ ਦੀ ਪਛਾਣ ਬ੍ਰਜੇਸ਼ ਮਿਸ਼ਰਾ ਵਜੋਂ ਹੋਈ ਹੈ। ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬ੍ਰਜੇਸ਼ ਮਿਸ਼ਰਾ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

ਐਸੋਸੀਏਸ਼ਨ ਆਫ ਕੰਸਲਟੈਂਟਸ ਫਾਰ ਸਟੱਡੀਜ਼ ਦੇ ਮੈਂਬਰ ਸੁਖਵਿੰਦਰ ਨੰਦਰਾ ਨੇ ਦੱਸਿਆ ਕਿ ਬ੍ਰਜੇਸ਼ ਮਿਸ਼ਰਾ ਐਸੋਸੀਏਸ਼ਨ ਦੇ ਮੈਂਬਰ ਨਹੀਂ ਸਨ। ਇਸ ਏਜੰਟ ਨੇ ਵਿਦਿਆਰਥੀਆਂ ਨੂੰ ਹੰਬਰ ਕਾਲਜ ਵਿੱਚ ਦਾਖ਼ਲਾ ਨਹੀਂ ਦਿਵਾਇਆ। ਇਸ ਗੱਲ ਦਾ ਦੇਰ ਨਾਲ ਪਤਾ ਲੱਗਾ ਕਿਉਂਕਿ ਏਜੰਟ ਨੇ ਵਿਦਿਆਰਥੀਆਂ ਦੀ ਈਮੇਲ-ਆਈਡੀ ਦੀ ਬਜਾਏ ਉਨ੍ਹਾਂ ਦੀ ਈਮੇਲ-ਆਈਡੀ ਦਿੱਤੀ ਸੀ। ਇਸ ਕਾਰਨ ਵਿਦਿਆਰਥੀਆਂ ਨੂੰ ਦਾਖ਼ਲੇ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ।

ਪ੍ਰਾਪਤ ਜਾਣਕਾਰੀ ਅਨੁਸਾਰ ਏਜੰਟ ਨੇ ਵਿਦਿਆਰਥੀਆਂ ਨੂੰ ਬੁਲਾ ਕੇ ਦੱਸਿਆ ਕਿ ਕਾਲਜ ਦੀਆਂ ਸੀਟਾਂ ਭਰ ਗਈਆਂ ਹਨ ਅਤੇ ਉਨ੍ਹਾਂ ਨੂੰ ਕਿਸੇ ਹੋਰ ਕਾਲਜ ਵਿੱਚ ਦਾਖ਼ਲਾ ਲੈਣ ਲਈ ਕਿਹਾ। ਕੁਝ ਵਿਦਿਆਰਥੀਆਂ ਦੇ ਪੈਸੇ ਵੀ ਏਜੰਟ ਨੇ ਵਾਪਸ ਕਰ ਦਿੱਤੇ। ਪਰ ਜਿਸ ਕਾਲਜ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਸੀ, ਉਸ ਕਾਲਜ ਨੇ ਅੰਤਰਰਾਸ਼ਟਰੀ ਪੜ੍ਹਾਈ ਦੇ ਨਿਯਮਾਂ ਨੂੰ ਪੂਰਾ ਨਹੀਂ ਕੀਤਾ। ਇਸ ਕਾਰਨ ਵਿਦਿਆਰਥੀਆਂ ਦੇ ਕੈਨੇਡਾ ਵਿੱਚ ਪੜ੍ਹਨ ਅਤੇ ਸੈਟਲ ਹੋਣ ਦੇ ਸੁਪਨੇ ਨੂੰ ਝਟਕਾ ਲੱਗਾ ਹੈ। ਇਸ ਦੇ ਨਾਲ ਹੀ ਲੱਖਾਂ ਰੁਪਏ ਦਾ ਨੁਕਸਾਨ ਵੀ ਹੋ ਗਿਆ। ਦੱਸਿਆ ਗਿਆ ਕਿ ਇੱਕ ਵਿਦਿਆਰਥੀ ਨੂੰ ਕੈਨੇਡਾ ਵਿੱਚ ਸਟੱਡੀ ਬੇਸ ’ਤੇ ਭੇਜਣ ਲਈ ਏਜੰਟ ਵੱਲੋਂ 16 ਤੋਂ 20 ਲੱਖ ਰੁਪਏ ਲਏ ਗਏ ਹਨ।

ਜਲੰਧਰ ਦੇ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਿਹਾ ਕਿ ਜਦੋਂ ਵੀ ਕਿਸੇ ਵਿਦਿਆਰਥੀ ਦੇ ਪਰਿਵਾਰ ਵੱਲੋਂ ਬ੍ਰਜੇਸ਼ ਮਿਸ਼ਰਾ ਖਿਲਾਫ ਸ਼ਿਕਾਇਤ ਮਿਲੇਗੀ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮ ਏਜੰਟ ਖ਼ਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਜਾਵੇਗਾ ਤਾਂ ਜੋ ਉਹ ਵਿਦੇਸ਼ ਨਾ ਭੱਜ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਰਨਤਾਰਨ ‘ਚ ਤਸਕਰ ਬਾਈਕ ਛੱਡ ਕੇ ਫਰਾਰ, ਹੈਰੋਇਨ ਬਰਾਮਦ

ਵਿਦੇਸ਼ਾਂ ਵਿੱਚ ਮਹਿਲਾਵਾਂ ਦਾ ਸ਼ੋਸ਼ਣ ਰੋਕਣ ਲਈ ਪੰਜਾਬ ਸਰਕਾਰ ਉਲੀਕੇਗੀ ਨੀਤੀ: ਡਾ. ਬਲਜੀਤ ਕੌਰ