ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ: ਅਮਨ ਅਰੋੜਾ

• ਰੋਜ਼ਗਾਰ ਉਤਪਤੀ ਮੰਤਰੀ ਵੱਲੋਂ ਹੁਨਰਮੰਦ ਮਨੁੱਖੀ ਸ਼ਕਤੀ ਤੇ ਉਦਯੋਗਾਂ ਦੀਆਂ ਲੋੜਾਂ ਦਰਮਿਆਨ ਪਾੜੇ ਨੂੰ ਪੂਰਨ ਲਈ ਸੀ.ਆਈ.ਆਈ. ਤੇ ਹੋਰ ਸਨਅਤੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ

ਚੰਡੀਗੜ੍ਹ, 7 ਅਪ੍ਰੈਲ 2023 – ਸੂਬੇ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਅਤੇ ਉਦਯੋਗਾਂ ਦੀਆਂ ਲੋੜਾਂ ਦਰਮਿਆਨ ਪਾੜੇ ਨੂੰ ਪੂਰਨ ਲਈ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇੱਥੇ ਪੇਡਾ ਕੰਪਲੈਕਸ ਵਿਖੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਅਤੇ ਹੋਰ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਚਰਚਾ ਕੀਤੀ।

ਸ੍ਰੀ ਅਮਨ ਅਰੋੜਾ ਨੇ ਉਦਯੋਗ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਿਚਾਰ ਚਰਚਾ ਦਾ ਮੁੱਖ ਉਦੇਸ਼ ਉਦਯੋਗਾਂ ਵਿੱਚ ਰੋਜ਼ਗਾਰ ਸਬੰਧੀ ਮੌਜੂਦਾ ਲੋੜਾਂ ਅਤੇ ਹੋਰ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕਰਨਾ ਸੀ ਤਾਂ ਜੋ ਉਦਯੋਗਾਂ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਢੁੱਕਵੇਂ ਮੌਕੇ ਪੈਦਾ ਕੀਤੇ ਜਾ ਸਕਣ।

ਇਸ ਮੌਕੇ ਓਪਨ ਹਾਊਸ ਸੈਸ਼ਨ ਦੌਰਾਨ ਉਦਯੋਗਪਤੀਆਂ ਤੋਂ ਸੁਝਾਅ ਲੈਂਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵੱਡਮੁੱਲੇ ਸੁਝਾਵਾਂ ਨਾਲ ਵਿਭਾਗ ਨੂੰ ਉਦਯੋਗਾਂ ਦੀਆਂ ਮੰਗਾਂ ਅਨੁਸਾਰ ਲੋੜੀਂਦੇ ਕੋਰਸ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਉਹ ਹਰ ਸਮੇਂ ਮੌਜੂਦ ਹਨ।

ਰੋਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਦਾ ਮੁੱਖ ਧਿਆਨ ਹੁਨਰ ਕੋਰਸਾਂ ਲਈ ਉਦਯੋਗਾਂ ਨੂੰ ਸੂਚੀਬੱਧ ਕਰਨਾ ਰਹੇਗਾ। ਉਨ੍ਹਾਂ ਨੇ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ, ਪੀ.ਐੱਸ.ਡੀ.ਐੱਮ. ਨਾਲ ਸੂਚੀਬੱਧ ਉਦਯੋਗਾਂ, ਉਦਯੋਗਾਂ ਵਿੱਚ ਨੌਕਰੀਆਂ ਦੀ ਮੰਗ ਅਨੁਸਾਰ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਅਤੇ ਵਿਭਾਗ ਦੇ ਹੋਰ ਪ੍ਰੋਗਰਾਮਾਂ ਬਾਰੇ ਵੀ ਜਾਣੂ ਕਰਵਾਇਆ।

ਇਸ ਮੌਕੇ ਸੀ.ਆਈ.ਆਈ. ਦੇ ਚੇਅਰਮੈਨ ਅਤੇ ਟਾਇਨਰ ਆਰਥੋਡੋਨਟਿਕਸ ਦੇ ਮਾਲਕ ਸ੍ਰੀ ਪੀ.ਜੇ. ਸਿੰਘ, ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਅਨੁਰਾਗ ਅਗਰਵਾਲ, ਚੀਮਾ ਬੋਆਇਲਰਜ਼ ਲਿਮ. ਦੇ ਸ੍ਰੀ ਐਚ.ਐਸ.ਚੀਮਾ, ਮੁੰਜਾਲ ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਕਾਰਜਕਾਰੀ ਡਾਇਰੈਕਟਰ ਡਾ. ਪ੍ਰੇਮ ਕੁਮਾਰ, ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੂਲੀਅਨ ਬੀਅਰ, ਕੇ.ਸੀ. ਗਰੁੱਪ ਆਫ਼ ਇੰਡਸਟਰੀਜ਼ ਦੇ ਸ੍ਰੀ ਵਿਕਾਸ, ਜਰਿਉ ਇੰਜੀਨੀਅਰਿੰਗ ਲਿਮ. ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰੋਹਿਤ ਗਰੋਵਰ ਵੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਮਾਨਦਾਰ ਸਰਕਾਰ ਦੀਆਂ ਨੀਤੀਆਂ ਸਦਕਾ ਮਾਲੀਏ ਵਿਚ ਵਿਆਪਕ ਵਾਧਾ ਹੋਇਆ ਅਤੇ ਪੰਜਾਬ ਵਾਸੀਆਂ ਨੂੰ ਮਿਲੀਆਂ ਵਧੇਰੇ ਸਹੂਲਤਾਂ – ਮਾਨ

6ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ‘ਚ ਨਿਗਲੀ ਜ਼ਹਿਰੀਲੀ ਚੀਜ਼