ਚੰਡੀਗੜ੍ਹ, 20 ਅਗਸਤ 2025 – ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਕੁਝ ਮਹੀਨੇ ਪਹਿਲਾਂ ਸੰਪਨ ਹੋਈਆਂ ਪੰਚਾਇਤੀ ਚੋਣਾਂ ਤੋਂ ਬਾਅਦ ਨਵੇਂ ਚੁਣੇ ਸਰਪੰਚਾਂ ਨੂੰ ਹੁਣ 1200 ਦੀ ਬਜਾਏ 2000 ਰੁਪਏ ਪ੍ਰਤੀ ਮਹੀਨੇ ਮਾਣ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ ਨਵਾਂ ਮਾਣ ਭੱਤਾ ਜਲਦ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਮੂਹ ਉਪ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਅਤੇ ਕਾਰਜ ਸਾਧਕ ਅਫਸਰ ਪੰਚਾਇਤ ਸੰਮਤੀਆਂ ਨੂੰ ਇਕ ਪੱਤਰ 18 ਅਗਸਤ ਨੂੰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਵੱਲੋਂ 24 ਅਪ੍ਰੈਲ 2025 ਨੂੰ ਹੋਈ ਮੀਟਿੰਗ ਵਿੱਚ ਅਨਾਊਂਸ ਕੀਤਾ ਗਿਆ ਸੀ ਕਿ ਨਵੇਂ ਚੁਣੇ ਗਏ ਸਰਪੰਚਾਂ ਨੂੰ ਮਿਲਣ ਵਾਲਾ ਮਾਣ ਭੱਤਾ 1200 ਤੋਂ ਵਧਾ ਕੇ 2000 ਕੀਤਾ ਜਾਂਦਾ ਹੈ।
ਇਸ ਸਬੰਧੀ ਕੇਸ ਤਿਆਰ ਕਰਕੇ ਅਧਿਸੂਚਨਾ ਜਾਰੀ ਕਰਨ ਲਈ ਈ-ਆਫਿਸ ਰਾਹੀਂ ਮਿਸਲ ਵਿੱਤ ਵਿਭਾਗ ਪੰਜਾਬ ਨੂੰ ਭੇਜੀ ਗਈ ਸੀ ਜਿਸ ਤੋਂ ਉਨ੍ਹਾਂ ਹੇਠ ਲਿਖਿਆ ਪ੍ਰੇਖਣ ਕੀਤਾ ਗਿਆ ਹੈ ਕਿ ਜਿਨ੍ਹਾਂ ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਅਧੀਨ ਗ੍ਰਾਮ ਪੰਚਾਇਤਾਂ ਜਿਨ੍ਹਾਂ ਦੀ ਆਪਣੇ ਸਰੋਤਾਂ ਤੋਂ ਆਮਦਨ ਨਹੀਂ ਹੈ ਕਿ ਉਨ੍ਹਾਂ ਦੇ ਆਪਣੇ ਸਰੋਤਾਂ ਤੋਂ ਆਮਦਨ ਗ੍ਰਾਮ ਪੰਚਾਇਤ ਨੂੰ ਅਦਾ ਕਰਨ ਲਈ ਉਪਲਬਧ ਹੈ ਜਾਂ ਕਿ ਨਹੀਂ। ਇਸ ਸਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਸਬੰਧਿਤ ਗ੍ਰਾਮ ਪੰਚਾਇਤਾਂ ਜਿਨ੍ਹਾਂ ਦੀ ਆਪਣੇ ਸਰੋਤਾਂ ਤੋਂ ਆਮਦਨ ਨਹੀਂ ਹੈ ਸਬੰਧੀ ਸਮੂਹ ਬਲਾਕ ਸੰਮਤੀਆਂ ਵੱਲੋਂ ਆਪਣੇ ਆਪਣੇ ਹੈਡ ਆਫਿਸ ਤੋਂ ਇਸਦੀ ਪੁਸ਼ਟੀ ਕਰਵਾ ਕੇ ਭੇਜੀ ਜਾਵੇ।

ਇਸ ਸਬੰਧੀ ਇਸ ਪੱਤਰ ਦੇ ਨਾਲ ਇਕ ਪਰਫੋਰਮਾ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਪੰਚਾਇਤ ਸੰਮਤੀਆਂ ਵੱਲੋਂ ਜਾਣਕਾਰੀ ਭੇਜੀ ਜਾਵੇਗੀ ਕਿ ਉਨ੍ਹਾਂ ਦੇ ਬਲਾਕ ਵਿੱਚ ਕਿੰਨੀਆਂ ਅਜਿਹੀਆਂ ਗ੍ਰਾਮ ਪੰਚਾਇਤਾਂ ਹਨ ਜਿਨ੍ਹਾਂ ਨੂੰ ਆਪਣੇ ਸਰੋਤਾ ਤੋਂ ਆਮਦਨ ਨਹੀਂ ਹੈ। ਪੰਚਾਇਤ ਸੰਮਤੀ ਦੀ ਆਪਣੇ ਸਰੋਤਾਂ ਤੋਂ ਕੀ ਆਮਦਨ ਹੈ। ਪੰਚਾਇਤ ਸੰਮਤੀ ਆਪਣੇ ਸਰੋਤਾਂ ਤੋਂ ਕਿੰਨੀਆਂ ਗ੍ਰਾਮ ਪੰਚਾਇਤਾਂ ਨੂੰ ਮਾਣ ਭੱਤਾ ਦੇ ਸਕਦੀ ਹੈ। ਇਸੇ ਪ੍ਰਕਾਰ ਦੀ ਜਾਣਕਾਰੀ ਪੰਜਾਬ ਦੀਆਂ ਸਮੂਹ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਵੀ ਮੰਗੀ ਗਈ ਹੈ ਆਸ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਨਵੀਆਂ ਬਣੇ ਸਰਪੰਚਾਂ ਨੂੰ 2000 ਮਾਨ ਪ੍ਰਤੀ ਮਹੀਨਾ ਮਾਣ ਭੱਤਾ ਜਾਰੀ ਕੀਤਾ ਜਾ ਸਕਦਾ ਹੈ।
