ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ‘ਗੁਰੂ ਤੇਗ ਬਹਾਦਰ-ਹਿੰਦ ਦੀ ਚਾਦਰ’ ਦੇ ਵਿਸ਼ੇ ਉਤੇ ਮਨਾਏਗੀ ਪੰਜਾਬ ਸਰਕਾਰ

  • ਆਈ.ਕੇ.ਜੀ. ਪੀ.ਟੀ.ਯੂ. ਕਪੂਰਥਲਾ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ‘ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਮਿਊਜ਼ੀਅਮ’ ਸਥਾਪਤ ਹੋਵੇਗਾ
  • ਸ੍ਰੀ ਚਮਕੌਰ ਸਾਹਿਬ ਦਾ ਥੀਮ ਪਾਰਕ ਵਿਸਾਖੀ ਮੌਕੇ ਲੋਕਾਂ ਨੂੰ ਸਮਰਪਿਤ ਹੋਵੇਗਾ

ਚੰਡੀਗੜ੍ਹ, 5 ਜਨਵਰੀ 2021 – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿੱਧੀ ਨਿਗਰਾਨੀ ਹੇਠ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਸਮਾਗਮ ਸਫ਼ਲਤਾ ਪੂਰਬਕ ਕਰਵਾਏ ਗਏ। ਇਸ ਸਾਲ ਸੂਬਾ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੀ ਹੈ। ਕੌਮੀ ਏਕਤਾ ਦੇ ਸੰਦੇਸ਼ ਨਾਲ ਮਨਾਏ ਜਾ ਰਹੇ ਇਸ ਪੁਰਬ ਸਬੰਧੀ ਵਿਸ਼ੇਸ਼ ਪ੍ਰੋਗਰਾਮ 28 ਅਪਰੈਲ ਤੋਂ ਪਹਿਲੀ ਮਈ ਤੱਕ ‘ਗੁਰੂ ਤੇਗ ਬਹਾਦਰ-ਹਿੰਦ ਦੀ ਚਾਦਰ’ ਦੇ ਬੈਨਰ ਹੇਠ ਕਰਵਾਏ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਏ.ਸੀ.ਐਸ. ਸ੍ਰੀ ਸੰਜੈ ਕੁਮਾਰ ਅਤੇ ਡਾਇਰੈਕਟਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਦੀ ਹਾਜ਼ਰੀ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਇਨਾਂ ਪ੍ਰੋਗਰਾਮਾਂ ਦਾ ਲੋਗੋ ਜਾਰੀ ਕਰ ਚੁੱਕੇ ਹਨ। ਉਨਾਂ ਕਿਹਾ ਕਿ ਸਰਕਾਰ, ਸ੍ਰੀ ਆਨੰਦਪੁਰ ਸਾਹਿਬ, ਬਾਬਾ ਬਕਾਲਾ ਅਤੇ ਕੀਰਤਪੁਰ ਸਾਹਿਬ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਇਨਾਂ ਜਸ਼ਨਾਂ ਦੇ ਹਿੱਸੇ ਵਜੋਂ ਸਮਰਪਿਤ ਕਰੇਗੀ।

ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਬਣ ਰਿਹਾ ਥੀਮ ਪਾਰਕ ਇਸ ਸਾਲ ਵਿਸਾਖੀ ’ਤੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਦੀ ਉਸਾਰੀ ’ਤੇ 49 ਕਰੋੜ ਰੁਪਏ ਖਰਚੇ ਜਾ ਰਹੇ ਹਨ। ਸ੍ਰੀ ਚਮਕੌਰ ਸਾਹਿਬ ਦੇ ਸੁੰਦਰੀਕਰਨ ਲਈ 50 ਕਰੋੜ ਰੁਪਏ ਹੋਰ ਖਰਚੇ ਜਾ ਰਹੇ ਹਨ।

ਕੈਬਨਿਟ ਮੰਤਰੀ ਨੇ ਇਕ ਵੱਡਾ ਐਲਾਨ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਜੀਵਨ ਅਤੇ ਕੰਮ ਬਾਰੇ ਆਈ.ਕੇ.ਜੀ. ਪੀ.ਟੀ.ਯੂ, ਕਪੂਰਥਲਾ ਵਿਖੇ 100 ਕਰੋੜ ਦੀ ਲਾਗਤ ਨਾਲ ਅਜਾਇਬਘਰ ਉਸਾਰਨ ਦੀ ਤਜਵੀਜ਼ ਹੈ।

ਮੰਤਰੀ ਨੇ ਕਿਹਾ ਕਿ ਇਸ ਸਾਲ ਕਈ ਯਾਦਗਾਰਾਂ ਦੇ ਨਿਰਮਾਣ, ਮੁਰੰਮਤ ਦੇ ਨਵੀਨੀਕਰਨ ਉਤੇ ਸੂਬਾ ਸਰਕਾਰ 500 ਕਰੋੜ ਰੁਪਏ ਖਰਚਣ ਜਾ ਰਹੀ ਹੈ। ਉਨਾਂ ਕਿਹਾ ਕਿ ਆਨੰਦਪੁਰ ਸਾਹਿਬ ਵਿੱਚ 26.85 ਕਰੋੜ ਰੁਪਏ ਦੀ ਲਾਗਤ ਨਾਲ ਇਕ ਸਾਲ ਵਿੱਚ ਹੀ ਭਾਈ ਜੈਤਾ ਜੀ ਦੀ ਯਾਦਗਾਰ ਮੁਕੰਮਲ ਕੀਤੀ ਜਾਵੇਗੀ। ਸ੍ਰੀ ਗੁਰੂ ਰਵੀਦਾਸ ਯਾਦਗਾਰ ਖੁਰਾਲਗੜ ਨੂੰ 103 ਕਰੋੜ ਦੀ ਲਾਗਤ ਨਾਲ ਇਸ ਸਾਲ ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਭਗਵਾਨ ਵਾਲਮਿਕੀ ਜੀ ਤੀਰਥ ਸਥਲ ਅੰਮਿ੍ਰਤਸਰ ਵਿਖੇ 32.61 ਕਰੋੜ ਰੁਪਏ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ।

ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਭਗਵਤ ਗੀਤਾ ਅਤੇ ਰਾਮਾਇਣ ਬਾਰੇ ਸੂਬਾਈ ਯੂਨੀਵਰਸਿਟੀਆਂ ਵਿੱਚ ਇਕ ਵੱਖਰਾ ਵਿਭਾਗ ਕਾਇਮ ਕੀਤਾ ਜਾਵੇਗਾ। ਇਸ ਵਿਭਾਗ ਵਿੱਚ ਦੇਸ਼ ਅਤੇ ਵਿਦੇਸ਼ੋਂ ਖੋਜਆਰਥੀ ਅਤੇ ਵਿਦਵਾਨ ਦੋਵਾਂ ਧਰਮ ਗ੍ਰੰਥਾਂ ਦੀ ਬਾਣੀ ਦਾ ਅਧਿਐਨ ਕਰ ਸਕਣਗੇ। ਇਸ ਤੋਂ ਇਲਾਵਾ ਧਰਮ ਅਧਿਐਨ ਬਾਰੇ ਵਿਸ਼ਵ ਪੱਧਰ ਦੇ ਸੈਮੀਨਾਰ ਗੋਸ਼ਟੀਆਂ ਇਸ ਵਿਭਾਗ ਵੱਲੋਂ ਕਰਵਾਈਆਂ ਜਾਇਆ ਕਰਨਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੇ ਲੱਖਾਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਕੀਤਾ ਖਿਲਵਾੜ : ‘ਆਪ’

ਕੋਰੋਨਾ ਸੰਕਟ ਦੇ ਬਾਵਜੂਦ ਵਿਕਾਸ ਏਜੰਡੇ ਨੂੰ ਜਾਰੀ ਰੱਖਿਆ: ਸੁਖਬਿੰਦਰ ਸਿੰਘ ਸਰਕਾਰੀਆ