ਪੰਜਾਬ ਸਰਕਾਰ ਨੌਜਵਾਨਾਂ ਨੂੰ ਸਵੈ-ਨਿਰਭਰ ਬਣਾਉਣ ਲਈ ਡੇਅਰੀ ਫਾਰਮਿੰਗ ਦੀ ਸਿਖਲਾਈ ਦੇਵੇਗੀ

  • ਡੇਅਰੀ ਫਾਰਮਿੰਗ ਸਿਖਲਾਈ ਦਾ ਨਵਾਂ ਬੈਚ 3 ਜੁਲਾਈ ਤੋਂ ਹੋਵੇਗਾ ਸ਼ੁਰੂ: ਗੁਰਮੀਤ ਸਿੰਘ ਖੁੱਡੀਆਂ
  • ਯੋਗ ਲਾਭਪਾਤਰੀਆਂ ਦੀ ਚੋਣ 28 ਜੂਨ ਨੂੰ ਕੀਤੀ ਜਾਵੇਗੀ

ਚੰਡੀਗੜ੍ਹ, 16 ਜੂਨ 2023 – ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਉਦੇਸ਼ ਅਨੁਸਾਰ ਪੰਜਾਬ ਦੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਸੂਬੇ ਦੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਚਾਰ ਹਫ਼ਤਿਆਂ ਦੀ ਡੇਅਰੀ ਉੱਦਮ ਸਿਖਲਾਈ ਦਿੱਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨਾਂ ਨੂੰ ਡੇਅਰੀ ਕਿੱਤੇ ਵਿੱਚ ਹੁਨਰਮੰਦ ਬਣਾਉਣਾ ਹੈ ਤਾਂ ਜੋ ਉਹ ਖੇਤੀਬਾੜੀ ਦੇ ਸਹਿਯੋਗੀ ਧੰਦੇ ਡੇਅਰੀ ਫਾਰਮਿੰਗ ਨੂੰ ਅਪਣਾ ਸਕਣ, ਜਿਸ ਨਾਲ ਖੇਤੀਬਾੜੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਚਾਰ ਹਫ਼ਤੇ ਦਾ ਨਵਾਂ ਬੈਚ 03 ਜੁਲਾਈ, 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਸਿਖਲਾਈ ਪ੍ਰਾਪਤ ਕਰਕੇ ਉਹ ਡੇਅਰੀ ਫਾਰਮਿੰਗ ਦਾ ਕਿੱਤਾ ਵਪਾਰਕ ਪੱਧਰ ਉਤੇ ਕਰਨ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਕਰਨ ਦੇ ਇੱਛੁਕ ਨੌਜਵਾਨ ਪ੍ਰਾਸਪੈਕਟ ਫਾਰਮ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਕਿਸੇ ਵੀ ਜ਼ਿਲ੍ਹਾ ਦਫ਼ਤਰ ਜਾਂ ਸਬੰਧਤ ਸਿਖਲਾਈ ਕੇਂਦਰ ਜਿਵੇਂ ਅਬੁਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ), ਚਤਾਮਲੀ (ਰੋਪੜ), ਬੀਜਾ (ਲੁਧਿਆਣਾ), ਫਗਵਾੜਾ (ਕਪੂਰਥਲਾ), ਸਰਦੂਲਗੜ੍ਹ (ਮਾਨਸਾ), ਵੇਰਕਾ (ਅੰਮ੍ਰਿਤਸਰ), ਗਿੱਲ (ਮੋਗਾ), ਤਰਨ ਤਾਰਨ ਅਤੇ ਸੰਗਰੂਰ ਤੋਂ ਪ੍ਰਾਪਤ ਕਰ ਸਕਦੇ ਹਨ।

ਇਸ ਤੋਂ ਬਾਅਦ ਪ੍ਰਾਰਥੀ ਪ੍ਰਾਸਪੈਕਟ ਵਿੱਚ ਨੱਥੀ ਬਿਨੈ ਪੱਤਰ ਮੁਕੰਮਲ ਕਰਕੇ ਅਤੇ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਤੋਂ ਤਸਦੀਕ ਕਰਵਾਕੇ ਆਪਣੇ ਪਹਿਲੇ ਤਰਜੀਹੀ ਸਿਖਲਾਈ ਕੇਂਦਰ ਵਿੱਚ ਜਮ੍ਹਾਂ ਕਰਵਾਉਣ ਜਾਂ ਕਾਊਂਸਲਿੰਗ ਸਮੇਂ ਦਸਤਾਵੇਜ਼ਾਂ ਸਮੇਤ ਨਾਲ ਲੈ ਕੇ ਪਹੁੰਚਣ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਦੇ ਇਛੁੱਕ ਉਮੀਦਵਾਰਾਂ ਦੀ ਉਮਰ 18—45 ਸਾਲ ਅਤੇ ਵਿਦਿਅਕ ਯੋਗਤਾ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ। ਯੋਗ ਉਮੀਦਵਾਰਾਂ ਦੀ ਚੋਣ ਵਿਭਾਗੀ ਕਮੇਟੀ ਵੱਲੋਂ ਸਬੰਧਿਤ ਸਿਖਲਾਈ ਕੇਂਦਰਾਂ ਉਤੇ 28 ਜੂਨ, 2023 ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਕੀਤੀ ਜਾਵੇਗੀ।

ਸ. ਖੁੱਡੀਆਂ ਨੇ ਅੱਗੇ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਦੇ ਇਛੁੱਕ ਪ੍ਰਾਰਥੀ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਟੈਲੀਫੋਨ ਨੰ. 0172—5027285 ਉਤੇ ਸੰਪਰਕ ਕਰ ਸਕਦੇ ਹਨ ਜਾਂ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਦੇ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰਬੰਧ ਵਿਵਸਥਾ ਤੇ ਸਵਾਲ ਉਠਾਉਣ ਕਾਰਨ ਹਟਾਇਆ: ਪਰਮਿੰਦਰ ਢੀਂਡਸਾ

ਮੰਤਰੀ ਬਲਜੀਤ ਕੌਰ ਨੇ ਪੰਜਾਬ ਵਿੱਚ ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ