- ਕਿਹਾ ਹਰਿਆਣਾ-ਰਾਜਸਥਾਨ ਨਹਿਰਾਂ ਰਾਹੀਂ ਵਾਧੂ ਪਾਣੀ ਲੈਣ ਲਈ ਤਿਆਰ ਨਹੀਂ
- ਇਸ ਲਈ ਪਾਣੀ ਨੂੰ ਪਾਕਿਸਤਾਨ ਭੇਜਣਾ ਪੈ ਰਿਹਾ
ਚੰਡੀਗੜ੍ਹ, 15 ਜੁਲਾਈ 2023 – ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਨੂੰ ਪੱਤਰ ਲਿਖ ਕੇ ਹਰਿਆਣਾ ਅਤੇ ਰਾਜਸਥਾਨ ‘ਤੇ ਨਹਿਰਾਂ ਦਾ ਵਾਧੂ ਪਾਣੀ ਨਾ ਲੈਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣਾ ਪੱਖ ਵੀ ਰੱਖਿਆ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ ਦੋਵਾਂ ਸੂਬਿਆਂ ਦੇ ਦੋਸ਼ਾਂ ਤੋਂ ਬਾਅਦ ਵੀ ਪਾਕਿਸਤਾਨ ਵੱਲ ਵਾਧੂ ਪਾਣੀ ਛੱਡਣਾ ਪੈ ਰਿਹਾ ਹੈ।
ਬੀਬੀਐਮਬੀ ਦੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਨਾਲ 12 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਸੂਬਾ ਸਰਕਾਰ ਨੇ ਹਰਿਆਣਾ ਅਤੇ ਰਾਜਸਥਾਨ ਨੂੰ ਨਹਿਰਾਂ ਰਾਹੀਂ ਪਾਣੀ ਲੈਣ ਦੀ ਬੇਨਤੀ ਕੀਤੀ ਸੀ। ਪਰ ਦੋਵਾਂ ਰਾਜਾਂ ਨੇ ਇਸ ਦੀ ਇਜਾਜ਼ਤ ਦਿੱਤੀ ਅਤੇ ਨਾ ਹੀ ਅਜੇ ਤੱਕ ਕੋਈ ਜਵਾਬ ਦਿੱਤਾ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਬੀਬੀਐਮਬੀ ਨੂੰ ਪੱਤਰ ਲਿਖ ਕੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ।
ਪੰਜਾਬ ਸਰਕਾਰ ਨੇ ਕਿਹਾ ਕਿ ਉਸ ਦੀ ਯੋਜਨਾ ਹੈ ਕਿ ਜੇਕਰ ਹਰਿਆਣਾ ਅਤੇ ਰਾਜਸਥਾਨ ਹੜ੍ਹਾਂ ਦੀ ਸਥਿਤੀ ਨੂੰ ਸੁਖਾਲਾ ਬਣਾਉਣ ਲਈ ਆਪਣੇ ਨਹਿਰੀ ਸਿਸਟਮਾਂ ਵਿੱਚ ਵਾਧੂ ਪਾਣੀ ਨਹੀਂ ਲੈਂਦੇ ਤਾਂ ਸਤਲੁਜ ਅਤੇ ਬਿਆਸ ਤੋਂ ਵਾਧੂ ਪਾਣੀ ਨੂੰ ਹੁਸੈਨੀਵਾਲਾ ਬੈਰਾਜ ਰਾਹੀਂ ਪਾਕਿਸਤਾਨ ਵਿੱਚ ਜਾਣ ਦੇਣ ਦੀ ਯੋਜਨਾ ਹੈ, ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੋਵੇਗਾ।
ਸਤਲੁਜ ਅਤੇ ਬਿਆਸ ਹਿਮਾਚਲ ਪ੍ਰਦੇਸ਼ ਵਿੱਚੋਂ ਲੰਘ ਕੇ ਪੰਜਾਬ ਵਿੱਚ ਦਾਖਲ ਹੁੰਦੇ ਹਨ ਅਤੇ ਕਪੂਰਥਲਾ ਜ਼ਿਲ੍ਹੇ ਵਿੱਚ ਮਿਲਦੇ ਹਨ। ਸਤਲੁਜ ਫਿਰੋਜ਼ਪੁਰ ਵਿਖੇ ਪੰਜਾਬ ਸਰਕਾਰ ਦੁਆਰਾ ਨਿਯੰਤਰਿਤ ਹੁਸੈਨੀਵਾਲਾ ਬੈਰਾਜ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੁੰਦਾ ਹੈ। ਰਾਜਾਂ ਵਿੱਚ ਜ਼ਿਆਦਾ ਮੀਂਹ ਪੈਣ ਤੋਂ ਬਾਅਦ, ਪੰਜਾਬ ਦਰਿਆਵਾਂ ਵਿੱਚ ਬਹੁਤ ਜ਼ਿਆਦਾ ਪਾਣੀ ਦੇ ਵਹਾਅ ਨਾਲ ਜੂਝ ਰਿਹਾ ਹੈ, ਜਿਸ ਕਾਰਨ ਰਾਜ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ।
ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਅਤੇ ਰਾਜਸਥਾਨ ਦੋਵਾਂ ਨੇ ਆਪਣੇ ਨਹਿਰੀ ਪ੍ਰਣਾਲੀਆਂ ਲਈ ਡੈਮਾਂ ਤੋਂ ਪਾਣੀ ਨਹੀਂ ਮੰਗਿਆ, ਜਲ ਸਰੋਤ ਸਕੱਤਰ ਨੇ ਬੀਬੀਐਮਬੀ ਨੂੰ ਲਿਖਿਆ। ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਡੈਮਾਂ ਤੋਂ ਪਾਣੀ ਕੱਢਣ ਦੇ ਸਮਰੱਥ ਨਹੀਂ ਹੈ ਕਿਉਂਕਿ ਡੈਮਾਂ ਤੋਂ ਇਲਾਵਾ ਹੋਰ ਕੈਚਮੈਂਟ ਖੇਤਰਾਂ ਵਿੱਚੋਂ ਵਹਿਣ ਵਾਲੇ ਦਰਿਆਵਾਂ ਵਿੱਚ ਪਹਿਲਾਂ ਹੀ ਵੱਡੀ ਮਾਤਰਾ ਵਿੱਚ ਪਾਣੀ ਮੌਜੂਦ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਜਸਥਾਨ ਅਤੇ ਹਰਿਆਣਾ ਦੋਵੇਂ ਦੋਸ਼ ਲਗਾਉਂਦੇ ਰਹੇ ਹਨ ਕਿ ਪੰਜਾਬ ਵੱਲੋਂ ਪਾਕਿਸਤਾਨ ਨੂੰ ਪਾਣੀ ਛੱਡਿਆ ਜਾ ਰਿਹਾ ਹੈ। ਪਰ ਅਸਲ ਵਿੱਚ ਪਾਕਿਸਤਾਨ ਵਿੱਚ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ। ਜਦੋਂ ਪੂਰਾ ਰਾਜ ਹੜ੍ਹਾਂ ਦੀ ਮਾਰ ਹੇਠ ਆ ਜਾਂਦਾ ਹੈ ਤਾਂ ਹਰਿਆਣਾ ਅਤੇ ਰਾਜਸਥਾਨ ਆਪਣੀਆਂ ਨਹਿਰਾਂ ਰਾਹੀਂ ਪਾਣੀ ਦੀ ਮੰਗ ਨਹੀਂ ਕਰਦੇ। ਅਜਿਹੀ ਸਥਿਤੀ ਵਿੱਚ ਪੰਜਾਬ ਕੋਲ ਫਲੱਡ ਗੇਟ ਖੋਲ੍ਹਣ ਅਤੇ ਪਾਕਿਸਤਾਨ ਨੂੰ ਪਾਣੀ ਭੇਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।