ਚੰਡੀਗੜ੍ਹ, 24 ਨਵੰਬਰ 2023: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਕਰਨ ਜਾ ਰਹੀ ਹੈ। ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਅਤੇ ਯੋਜਨਾ ਨੂੰ ਚਾਰ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ। ਪੰਜਾਬ ਦੀਆਂ ਲਗਭਗ 80 ਲੱਖ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਦੀ ਉਮੀਦ ਹੈ। ਇਸ ਦੀ ਸ਼ੁਰੂਆਤ 1.5 ਲੱਖ ਔਰਤਾਂ ਨਾਲ ਹੋਵੇਗੀ। ਚਾਰ ਪੜਾਅ ਪੂਰੇ ਹੋਣ ਤੋਂ ਬਾਅਦ ਲਗਭਗ 10 ਲੱਖ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਮੁੱਖ ਮੰਤਰੀ ਕਿਸੇ ਵੀ ਸਮੇਂ ਇਸ ਸਕੀਮ ਨੂੰ ਲਾਗੂ ਕਰਨ ਬਾਰੇ ਰਸਮੀ ਐਲਾਨ ਕਰ ਸਕਦੇ ਹਨ।
ਪੰਜਾਬ ਵਿੱਚ ਕੁੱਲ 1.02 ਕਰੋੜ ਮਹਿਲਾ ਵੋਟਰ ਹਨ। ਯੋਗ ਔਰਤਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੇਣ ਨਾਲ ਖ਼ਜ਼ਾਨੇ ‘ਤੇ ਪ੍ਰਤੀ ਮਹੀਨਾ 900 ਕਰੋੜ ਰੁਪਏ ਦਾ ਬੋਝ ਵਧੇਗਾ। ਇਸ ਤਰ੍ਹਾਂ ਸਰਕਾਰ ਹੌਲੀ-ਹੌਲੀ ਲਾਭਪਾਤਰੀ ਔਰਤਾਂ ਦੀ ਗਿਣਤੀ ਵਧਾਏਗੀ। ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਯੋਜਨਾ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜ ਦਿੱਤੀ ਹੈ। ਵਿੱਤ ਵਿਭਾਗ ਨਾਲ ਢੁੱਕਵੀਂ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਅੰਤਿਮ ਪ੍ਰਵਾਨਗੀ ਲਈ ਫਾਈਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਜਾਵੇਗੀ ਅਤੇ ਬਾਲ ਵਿਕਾਸ ਵਿਭਾਗ ਨੇ ਪਹਿਲੇ ਪੜਾਅ ਲਈ ਪੰਜਾਬ ਦੀਆਂ ਉਨ੍ਹਾਂ ਔਰਤਾਂ ਦੀ ਚੋਣ ਕੀਤੀ ਹੈ, ਜੋ ਇਕੱਲੀਆਂ ਔਰਤਾਂ ਵਜੋਂ ਆਪਣਾ ਜੀਵਨ ਬਤੀਤ ਕਰ ਰਹੀਆਂ ਹਨ।
ਇਨ੍ਹਾਂ ਵਿੱਚ ਵਿਧਵਾ ਔਰਤਾਂ, ਉਨ੍ਹਾਂ ਦੀਆਂ ਧੀਆਂ ਅਤੇ ਉਹ ਔਰਤਾਂ ਸ਼ਾਮਲ ਹਨ ਜੋ ਆਪਣੇ ਪਤੀਆਂ ਤੋਂ ਵੱਖ ਹੋ ਕੇ ਇਕੱਲੀਆਂ ਰਹਿ ਰਹੀਆਂ ਹਨ।ਵਿਭਾਗ ਵੱਲੋਂ ਇਨ੍ਹਾਂ ਔਰਤਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਜਲਦੀ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਇੱਕ ਹਜ਼ਾਰ ਰੁਪਏ ਜਮ੍ਹਾ ਹੋ ਜਾਣਗੇ। ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਨੇ ਚਾਰ ਪੜਾਵਾਂ ਵਾਲੀ ਯੋਜਨਾ ਤਿਆਰ ਕੀਤੀ ਹੈ। ਇਸ ਨੂੰ ਅੰਤਿਮ ਰੂਪ ਦੇ ਕੇ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ।ਪਹਿਲੇ ਪੜਾਅ ਵਿੱਚ ਇਕੱਲੀਆਂ ਔਰਤਾਂ ਦੀ ਚੋਣ ਕੀਤੀ ਗਈ ਹੈ।