ਆਗਾਮੀ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ: ਅਨੁਰਾਗ ਵਰਮਾ

  • ਮੁੱਖ ਸਕੱਤਰ ਨੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ
  • ਡਿਪਟੀ ਕਮਿਸ਼ਨਰਾਂ ਨੂੰ ਮੌਕੇ ਉਤੇ ਸਥਾਨਾਂ ਦਾ ਜਾਇਜ਼ਾ ਲੈਣ ਅਤੇ ਹਫਤਾਵਰੀ ਸਮੀਖਿਆ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 7 ਜੂਨ 2024 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਦਿੱਤੇ ਨਿਰਦੇਸ਼ਾਂ ਉਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ ਅਤੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਹੜ੍ਹਾਂ ਦੀ ਰੋਕਥਾਮ ਸਬੰਧੀ ਕੰਮਾਂ ਦੀ ਸਥਿਤੀ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ।

ਮੁੱਖ ਸਕੱਤਰ ਸ੍ਰੀ ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਕੰਮ ਪ੍ਰਗਤੀ ਅਧੀਨ ਹਨ ਜੋ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣਗੇ। ਹੜ੍ਹ੍ਹਾਂ ਦੇ ਸੀਜ਼ਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਨੋਟਿਸ ਲੈਂਦਿਆਂ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਪਿਛਲੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਰਣਨੀਤਕ ਥਾਵਾਂ ’ਤੇ ਮਿੱਟੀ ਨਾਲ ਭਰੇ ਈ.ਸੀ. ਥੈਲਿਆਂ ਦਾ ਸਟਾਕ ਰੱਖਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਅਤੇ ਆਪਣੇ ਅਧਿਕਾਰ ਖੇਤਰ ਅਧੀਨ ਨਾਜ਼ੁਕ ਥਾਵਾਂ ਦਾ ਦੌਰਾ ਕਰ ਕੇ ਸਮੀਖਿਆ ਕਰਨ।

ਮੁੱਖ ਸਕੱਤਰ ਨੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਪਹਿਲੀ ਵਾਰ ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ (ਐਸ.ਡੀ.ਐਮ.ਐਫ.) ਰਾਹੀਂ 75 ਕਰੋੜ ਰੁਪਏ ਦੀ ਲਾਗਤ ਵਾਲੇ 65 ਕੰਮ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮਗਨਰੇਗਾ ਅਧੀਨ ਅਤੇ ਉਨ੍ਹਾਂ ਨਾਲ ਮਿਲ ਕੇ ਲਗਭਗ 150 ਕਰੋੜ ਰੁਪਏ ਦੇ 716 ਕੰਮ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਲਗਭਗ 15 ਕਰੋੜ ਰੁਪਏ ਦੇ 129 ਕੰਮ ਵਿਭਾਗੀ ਮਸ਼ੀਨਰੀ ਰਾਹੀਂ ਪੂਰੇ ਕੀਤੇ ਜਾਣੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਤਰਜੀਹ ਅਤੇ ਜ਼ਰੂਰਤ ਦੇ ਆਧਾਰ ’ਤੇ ਸਟੇਟ ਫੰਡਾਂ ਰਾਹੀਂ ਲਗਭਗ 81 ਕਰੋੜ ਰੁਪਏ ਦੇ 327 ਕੰਮ ਕੀਤੇ ਜਾਣ ਦੀ ਤਜਵੀਜ਼ ਹੈ।

ਇਸ ਤਰ੍ਹਾਂ ਜਲ ਸਰੋਤ ਵਿਭਾਗ ਵੱਲੋਂ ਸਾਲ 2024-25 ਵਿੱਚ ਲਗਭਗ 321 ਕਰੋੜ ਰੁਪਏ ਦੇ ਕੁੱਲ 1237 ਕੰਮ ਕੀਤੇ ਜਾਣਗੇ। ਇਸ ਵਾਰ ਡਰੇਨਾਂ ਦੇ ਕਿਨਾਰਿਆਂ ’ਤੇ ਬਾਂਸ ਦੇ ਪੌਦੇ ਲਗਾ ਕੇ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਹੈ। ਬਾਂਸ ਦੇ ਪੌਦੇ ਕੁਦਰਤੀ ਰੁਕਾਵਟ ਵਜੋਂ ਕੰਮ ਕਰਦੇ ਹਨ ਅਤੇ ਡਰੇਨਾਂ ਦੇ ਕਿਨਾਰਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ। ਡਰੇਨਾਂ ਦੇ ਨਾਲ ਕੁੱਲ 2,50,000 ਬਾਂਸ ਦੇ ਪੌਦੇ ਲਗਾਏ ਗਏ ਹਨ। ਵਿਭਾਗ ਵੱਲੋਂ ਹੜ੍ਹ੍ਹਾਂ ਦੀ ਰੋਕਥਾਮ ਲਈ ਚੈਕ ਡੈਮਾਂ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਡਰੇਨਾਂ/ਚੋਅ ’ਤੇ ਲਗਭਗ 432 ਚੈਕ ਡੈਮ ਬਣਾਏ ਗਏ ਹਨ।

ਮੁੱਖ ਸਕੱਤਰ ਸ੍ਰੀ ਵਰਮਾ ਨੇ ਐਨ.ਐਚ.ਏ.ਆਈ., ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਨੂੰ ਹੜ੍ਹ੍ਹਾਂ ਦੇ ਪਾਣੀ ਵਿਚ ਆਉਣ ਵਾਲੀਆਂ ਸੰਭਾਵਿਤ ਰੁਕਾਵਟਾਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਪਾਣੀ ਦੇ ਵਹਾਅ ਵਿਚ ਕੋਈ ਰੁਕਾਵਟ ਨਾ ਆਵੇ। ਐਨ.ਐਚ.ਏ.ਆਈ. ਨੇ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਡਰੇਨਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ, ਸਕੱਤਰ ਲੋਕ ਨਿਰਮਾਣ ਪ੍ਰਿਆਂਕ ਭਾਰਤੀ, ਸਕੱਤਰ ਮਾਲ ਅਰਸ਼ਦੀਪ ਸਿੰਘ ਥਿੰਦ, ਸਕੱਤਰ ਵਿੱਤ ਦਿਪਰਵਾ ਲਾਕੜਾ, ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਅਮਿਤ ਕੁਮਾਰ, ਸਕੱਤਰ ਖੇਤੀਬਾੜੀ ਅਜੀਤ ਜੋਸ਼ੀ ਅਤੇ ਵੀਡਿਓ ਕਾਨਫਰੰਸਿੰਗ ਰਾਹੀਂ ਐਨ.ਐਚ.ਆਈ. ਦੇ ਅਧਿਕਾਰੀ ਅਤੇ ਸਮੂਹ ਡਿਪਟੀ ਕਮਿਸ਼ਨਰ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਾਂਗਾ: ਮਨਪ੍ਰੀਤ ਇਯਾਲੀ

ਪੰਚਾਇਤ ਅਤੇ ਬਲਾਕ ਸਮਿਤੀ ਚੋਣਾਂ ਲੜੇਗੀ ਭਾਜਪਾ : ਡਾ: ਸੁਭਾਸ਼ ਸ਼ਰਮਾ