ਚੰਡੀਗੜ੍ਹ, 22 ਅਪ੍ਰੈਲ 2022 – ਪੰਜਾਬ ਸਰਕਾਰ ਨੇ ਰੋਪੜ ਤੇ ਮੁਹਾਲੀ ਦੇ ਮਾਈਨਿੰਗ ਅਫ਼ਸਰ ਵਿਪਨ ਕੰਬੋਜ ਨੂੰ ਸਸਪੈਂਡ ਕਰ ਦਿੱਤਾ ਹੈ। ਬੀਤੇ ਦਿਨ 21 ਅਪ੍ਰੈਲ ਨੂੰ ਮਾਈਨਿੰਗ ਵਿਭਾਗ ਨੇ ਸਖਤ ਕਾਰਵਾਈ ਕਰਦਿਆਂ ਪਿੰਡ ਖੇੜਾ ਕਲਮੌਟ ਵਿਖੇ 6 ਕਰੈਸ਼ਰ ਪਲਾਂਟ ਸੀਲ ਕੀਤੇ ਸਨ।
ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੂਪਨਗਰ ਵਿੱਚ ਠੇਕੇਦਾਰ ਵਲੋਂ ਕਿਸ਼ਤ ਨਾ ਜਮ੍ਹਾ ਕਰਵਾਉਣ ਕਾਰਨ ਮਾਈਨਿੰਗ ਦੇ ਠੇਕੇਦਾਰ ਦਾ ਲਾਇਸੰਸ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਮਾਈਨਿੰਗ ਵਿਭਾਗ ਦੀ ਟੀਮ ਨੇ ਚੈਕਿੰਗ ਦੌਰਾਨ ਪਾਇਆ ਕਿ ਪਹਾੜੀਆਂ ਵਿੱਚ ਲੱਗੇ ਸਟੌਨ ਕਰੈਸ਼ਰ ਗੈਰ-ਕਾਨੂੰਨੀ ਢੰਗ ਨਾਲ ਪੱਥਰ ਇਕੱਠਾ ਕਰਕੇ ਚਲਾਏ ਜਾ ਰਹੇ ਸਨ।
ਜਿਸ ਤਹਿਤ ਸਰਕਾਰ ਵੱਲੋਂ ਮਹਾਂਵੀਰ ਸਟੌਨ ਕਰੈਸ਼ਰ, ਗਿੱਲ ਸਟੌਨ ਕਰੈਸ਼ਰ, ਕਲਗੀਧਰ ਸਟੌਨ ਕਰੈਸ਼ਰ, ਗੁਰੂ ਸਟੌਨ ਕਰੈਸ਼ਰ, ਨਿਊ ਸਤਲੁੱਜ ਸਟੌਨ ਕਰੈਸ਼ਰ ਅਤੇ ਗੁਰਿੰਦਰ ਦੁਆਬਾ ਸਟੌਨ ਕਰੈਸ਼ਰ ‘ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ ਅਤੇ 6 ਕਰੈਸ਼ਰਾਂ ਨੂੰ ਪੱਕੇ ਤੌਰ ‘ਤੇ ਸੀਲ ਕਰ ਦਿੱਤਾ ਗਿਆ ਹੈ।
ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਕਿਸੇ ਵੀ ਪੱਧਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਇਸ ਵਿੱਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿਸ ਤਹਿਤ ਅੱਜ ਪੰਜਾਬ ਸਰਕਾਰ ਨੇ ਰੋਪੜ ਤੇ ਮੁਹਾਲੀ ਦੇ ਮਾਈਨਿੰਗ ਅਫ਼ਸਰ ਵਿਪਨ ਕੰਬੋਜ ਨੂੰ ਸਸਪੈਂਡ ਕਰ ਦਿੱਤਾ ਹੈ।