ਚੰਡੀਗੜ੍ਹ, 28 ਜਨਵਰੀ 2021 – ਲੱਕੜ ਉਦਯੋਗ ਨੂੰ ਅੱਗੇ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ, ਪਿੰਡ ਬੱਸੀ ਕੈਸੋ ਅਤੇ ਬੱਸੀ ਮਾਰੂਫ ਦਰਮਿਆਨ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਮਰਪਿਤ ਪਲਾਈਵੁੱਡ ਪਾਰਕ ਸਥਾਪਤ ਕਰੇਗੀ ਜਿਸ ’ਤੇ ਲਗਭਗ 100 ਕਰੋੜ ਦਾ ਨਿਵੇਸ਼ ਆਵੇਗਾ ਅਤੇ ਇਸ ਨਾਲ ਸਥਾਨਕ ਨੌਜਵਾਨਾਂ ਨੂੰ ਰੁਜਗਾਰ ਮਿਲਣ ਦੇ ਨਾਲ ਨਾਲ ਉਤਪਾਦਕਤਾ ਵਿੱਚ ਵੀ ਵਾਧਾ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪਲਾਈਵੁੱਡ ਪਾਰਕ ਦਾ ਇਹ ਪ੍ਰਾਜੈਕਟ ਸਪੈਸ਼ਲ ਪਰਪਜ਼ ਵਹੀਕਲ (ਐਸ.ਪੀ.ਵੀ.) ਸੰਚਾਲਿਤ ਹੋਵੇਗਾ ਅਤੇ ਆਲ ਇੰਡੀਆ ਪਲਾਈਵੁੱਡ ਮੈਨੂਫੈਕਚਰਜ਼ ਐਸੋਸੀਏਸਨ ਦੇ 30 ਮੈਂਬਰ ਹੋਣਗੇ ਜਿਨ੍ਹਾਂ ਨੇ ਪ੍ਰਾਜੈਕਟ ਦੇ ਲਾਗੂਕਰਨ ਲਈ ਕੰਪਨੀ ਐਕਟ, 2013 ਦੇ ਤਹਿਤ 18.10.2018 ਨੂੰ ਹੁਸ਼ਿਆਰਪੁਰ ਵੁੱਡ ਪਾਰਕ ਪ੍ਰਾਈਵੇਟ ਲਿਮਟਡ ਦੇ ਨਾਮ ਅਤੇ ਤਰਜ਼ ’ਤੇ ਇਕ ਕੰਪਨੀ ਰਜਿਸਟਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਐਸ.ਪੀ.ਵੀ. ਨੇ ਪ੍ਰਸਤਾਵਿਤ ਪਲਾਈਵੁੱਡ ਪਾਰਕ ਲਈ ਆਪਣੇ ਪੱਧਰ ’ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਕੈਸੋ ਅਤੇ ਬੱਸੀ ਮਾਰੂਫ ਦਰਮਿਆਨ 58.85 ਏਕੜ ਜ਼ਮੀਨ ਖਰੀਦੀ ਹੈ ਜਿੱਥੇ 100 ਕਰੋੜ ਰੁਪਏ ਦੇ ਨਿਵੇਸ਼ ਨਾਲ ਲੱਕੜ ਅਧਾਰਤ ਉਦਯੋਗ ਸਥਾਪਤ ਕੀਤਾ ਜਾਵੇਗਾ।
ਪ੍ਰਸਤਾਵਿਤ ਪਾਰਕ ਵਿਚ ਪਲਾਈ ਬੋਰਡ ਫੈਕਟਰੀਆਂ, ਆਰਾ ਮਿੱਲਾਂ ਅਤੇ ਚਿਪਰਜ਼ (ਲੱਕੜ ਦੇ ਟੁਕੜੇ) ਆਦਿ ਦੀਆਂ ਇਕਾਈਆਂ ਹੋਣਗੀਆਂ। ਪ੍ਰਸਤਾਵਿਤ ਪਾਰਕ ਨਾ ਸਿਰਫ ਭਵਿੱਖ ਵਿਚ ਉਦਯੋਗ ਦੇ ਵਿਸਥਾਰ ਵਿਚ ਮਦਦ ਕਰੇਗਾ ਬਲਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਚੰਗੇ ਭਾਅ ਮਿਲਣ ਵਿੱਚ ਸਹਾਈ ਹੋਵੇਗਾ ਕਿਉਂਕਿ ਇਸ ਵਿੱਚ ਸੂਬੇ ਦੀ ਲੱਕੜ ਦੀ ਵਰਤੋਂ ਕੀਤੀ ਜਾਏਗੀ। ਸੂਬੇ ਸਰਕਾਰ ਨੇ ਪਲਾਈਵੁੱਡ ਪਾਰਕ ਦੇ ਇਸ ਪ੍ਰੋਜੈਕਟ ਦੀ ਇੱਕ ਮਹੱਤਵਪੂਰਨ ਪ੍ਰਾਜੈਕਟ ਵਜੋਂ ਪਛਾਣ ਕੀਤੀ ਹੈ ਅਤੇ ਇਸ ਨੂੰ ਵਧੇਰੇ ਤਰਜੀਹ ਦੇ ਰਹੀ ਹੈ।
ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਐਸ.ਪੀ.ਵੀ. ਨੂੰ ਪ੍ਰਾਜੈਕਟ ਲਈ ਸਾਰੀਆਂ ਰੈਗੂਲੇਟਰੀ ਮਨਜੂਰੀਆਂ ਲੈਣ ਅਤੇ ਉਨ੍ਹਾਂ ਦੇ ਪ੍ਰਸਤਾਵਿਤ ਪ੍ਰਾਜੈਕਟ ਦੇ ਰਾਹ ਵਿਚਲੀਆਂ ਔਕੜਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਐਸ.ਪੀ.ਵੀ. ਨੇ ਰਾਜ ਸਰਕਾਰ ਦੀ ਉਦਯੋਗਿਕ ਨੀਤੀ ਤਹਿਤ ਪ੍ਰੋਤਸਾਹਨ / ਲਾਭ ਲੈਣ ਲਈ 30.11.2018 ਨੂੰ ਕਾਮਨ ਐਪਲੀਕੇਸਨ ਫਾਰਮ (ਸੀ.ਏ.ਐੱਫ.) ਦਰਜ ਕੀਤਾ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਐਸ.ਪੀ.ਵੀ. ਦੀ ਬੇਨਤੀ ’ਤੇ ਰਾਜ ਸਰਕਾਰ ਦੇ ਸਬੰਧਤ ਵਿਭਾਗਾਂ (ਪੀ.ਡਬਲਿਊ.ਡੀ. (ਬੀ ਐਂਡ ਆਰ) ਅਤੇ ਪੰਜਾਬ ਮੰਡੀ ਬੋਰਡ) ਨੇ ਹੁਸ਼ਿਆਰਪੁਰ ਦਸੂਹਾ ਸੜਕ ਤੋਂ ਬੱਸੀ ਕੈਸੋ ਵੱਲ ਬਾਘਪੁਰ ਕੰਤੀਆਂ ਤੱਕ ਮੌਜੂਦਾ ਸੜਕ ਨੂੰ ਲਗਭਗ 2.25 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਅਤੇ ਮਜ਼ਬੂਤੀ ਲਈ ਸਿਧਾਂਤਕ ਤੌਰ ’ਤੇ ਸਹਿਮਤੀ ਵੀ ਦੇ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਐਸ.ਪੀ.ਵੀ. ਤੋਂ 3 ਏਕੜ ਜਮੀਨ ਪ੍ਰਾਪਤ ਹੋਣ ‘ਤੇ ਪੰਜਾਬ ਮੰਡੀ ਬੋਰਡ ਪ੍ਰਸਤਾਵਿਤ ਪਲਾਈਵੁੱਡ ਪਾਰਕ ਵਿੱਚ ਲੱਕੜ ਮੰਡੀ ਵੀ ਸਥਾਪਤ ਕਰੇਗਾ।
ਇਸ ਦੇ ਨਾਲ ਹੀ ਭਾਰਤ ਸਰਕਾਰ ਤੋਂ 20 ਕਰੋੜ ਰੁਪਏ ਤੱਕ ਦੀ ਸਹਾਇਤਾ ਨਾਲ ਇੱਕ ਕਾਮਨ ਫੈਸਿਲਟੀ ਸੈਂਟਰ (ਸੀ.ਐਫ.ਸੀ.) ਸਥਾਪਤ ਕਰਨ ਦਾ ਵੀ ਵਿਚਾਰ ਹੈ ਜੋ ਪ੍ਰਸਤਾਵਿਤ ਪਲਾਈਵੁੱਡ ਪਾਰਕ ਵਿਚ ਸਥਿਤ ਸਾਰੀਆਂ ਪਲਾਈਵੁੱਡ ਇਕਾਈਆਂ ਨੂੰ ਆਮ ਸਹੂਲਤਾਂ ਪ੍ਰਦਾਨ ਕਰੇਗਾ। ਡਾਇਰੈਕਟੋਰੇਟ ਆਫ਼ ਟਾਊਨ ਐਂਡ ਕੰਟਰੀ ਪਲਾਨਿੰਗ, ਪੰਜਾਬ ਨੇ ਐਸ.ਪੀ.ਵੀ. ਨੂੰ ਪਲਾਈਵੁੱਡ ਪਾਰਕ ਦੇ ਪ੍ਰਾਜੈਕਟ ਦੀ ਸਥਾਪਨਾ ਲਈ 17.12.2020 ਨੂੰ ਚੇਂਜ ਆਫ਼ ਲੈਂਡ ਯੂਜ਼ (ਸੀ.ਐਲ.ਯੂ.) ਵੀ ਜਾਰੀ ਕਰ ਦਿੱਤਾ ਹੈ।