ਪੰਜਾਬ ਸਰਕਾਰ ਅਗਲੇ 50 ਸਾਲਾਂ ਨੂੰ ਧਿਆਨ ਵਿੱਚ ਰੱਖ ਕੇ ਵਿਕਾਸ ਕੰਮ ਕਰ ਰਹੀ ਹੈ – ਚੇਤਨ ਜੌੜਾਮਾਜਰਾ

  • ਕਿਹਾ! ਮਾਲੇਰਕੋਟਲਾ ਵਿੱਚ ਮੈਡੀਕਲ ਕਾਲਜ ਸਬੰਧੀ ਮਾਮਲਾ ਹਾਈ ਕੋਰਟ ਵਿੱਚ, ਪੰਜਾਬ ਸਰਕਾਰ ਵੱਲੋਂ ਕੋਈ ਢਿੱਲ ਨਹੀਂ
  • ਪੰਜਾਬ ਨਿਰਮਾਣ ਪ੍ਰੋਗਰਾਮ ਦੇ ਕੰਮ 30 ਸਤੰਬਰ ਤੱਕ ਮੁਕੰਮਲ ਕਰਨ ਦੇ ਆਦੇਸ਼
  • ਵਿਕਾਸ ਕਾਰਜਾਂ ਦੀ ਸਮੀਖਿਆ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਮਲੇਰਕੋਟਲਾ, 1 ਸਤੰਬਰ 2022 – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਯੋਜਨਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ। ਵਿਕਾਸ ਕਾਰਜਾਂ ਨੂੰ ਅਗਲੇ 50 ਸਾਲਾਂ ਨੂੰ ਧਿਆਨ ਵਿੱਚ ਰੱਖ ਕੇ ਨੇਪਰੇ ਚਾੜ੍ਹਿਆ ਜਾ ਰਿਹਾ ਹੈ।

ਅੱਜ ਡਿਪਟੀ ਕਮਿਸ਼ਨਰ ਦਫ਼ਤਰ ਮਾਲੇਰਕੋਟਲਾ ਵਿਖੇ ਵਿਕਾਸ ਕਾਰਜਾਂ ਦੀ ਸਮੀਖਿਆ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਕਿਹਾ ਕਿ ਮਾਲੇਰਕੋਟਲਾ ਵਿਖੇ ਮੈਡੀਕਲ ਕਾਲਜ ਸਥਾਪਤ ਕਰਨ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਢਿੱਲ ਨਹੀਂ ਹੈ। ਇਸ ਸਬੰਧੀ ਮਾਣਯੋਗ ਹਾਈਕੋਰਟ ਵੱਲੋਂ ਸਟੇਟਸ-ਕੋ ਜਾਰੀ ਕੀਤਾ ਹੋਇਆ ਹੈ। ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਇਲਾਕੇ ਵਿੱਚ ਮੈਡੀਕਲ ਹਸਪਤਾਲ ਦੀ ਲੋੜ ਸਬੰਧੀ ਮਾਣਯੋਗ ਅਦਾਲਤ ਨੂੰ ਜਾਣੂ ਕਰਵਾ ਕੇ ਇਸ ਬਾਰੇ ਜਲਦ ਫੈਸਲਾ ਕਰਵਾਇਆ ਜਾ ਸਕੇ।

ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਸਟਾਫ ਅਤੇ ਸਹੂਲਤਾਂ ਦੀ ਘਾਟ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਹਸਪਤਾਲ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਦੀ ਕਮੀ ਨੂੰ ਅਗਲੇ ਕੁਝ ਦਿਨਾਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਪੂਰੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਟਾਫ ਅਤੇ ਹੋਰ ਸਹੂਲਤਾਂ ਦੀ ਕਮੀ ਨੂੰ ਪਹਿਲ ਦੇ ਆਧਾਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਪ੍ਰਸ਼ਾਸ਼ਨ ਨੂੰ ਪ੍ਰਸਤਾਵ ਭੇਜਣ ਲਈ ਕਿਹਾ ਗਿਆ ਹੈ। ਪ੍ਰਸਤਾਵ ਆਉਣ ਉੱਤੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਹਨਾਂ ਕਿਹਾ ਕਿ ਹਸਪਤਾਲ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੀ ਪੱਕੀ ਡਿਊਟੀ ਲਗੇਗੀ।

ਇਸ ਤੋਂ ਪਹਿਲਾਂ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਹਨਾਂ ਆਮ ਆਦਮੀ ਕਲੀਨਿਕ ਬਾਰੇ ਜਾਣਕਾਰੀ ਲਈ ਅਤੇ ਇਸ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਕਿਹਾ। ਉਹਨਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਕਰਨ ਲਈ ਸੀ ਐੱਸ ਆਰ ਦੇ ਫੰਡ ਸਿਹਤ ਖੇਤਰ ਵਿੱਚ ਲਗਾਏ ਜਾਣ।
ਸ਼ਹਿਰ ਦੇ ਬਾਹਰਵਾਰ ਨਾਲੇ ਵਿੱਚ ਪਾਇਪ ਪਾਉਣ ਦੇ ਕੰਮ ਰੁਕੇ ਹੋਣ ਬਾਰੇ ਪਤਾ ਲੱਗਣ ਉੱਤੇ ਉਹਨਾਂ ਕਿਹਾ ਕਿ ਜਿਹੜੇ ਠੇਕੇਦਾਰ ਵਿਕਾਸ ਕਾਰਜਾਂ ਵਿਚ ਦੇਰੀ ਕਰਦਾ ਹੈ ਉਹਨਾਂ ਨੂੰ ਬਲੈਕਲਿਸਟ ਕੀਤਾ ਜਾਵੇ। ਉਹਨਾਂ ਕਿਹਾ ਕਿ ਸ਼ਹਿਰ ਦੀ ਸੀਵਰੇਜ ਸਮੱਸਿਆ ਨੂੰ ਜਲਦ ਹੀ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਲੋੜਵੰਦ ਲੋਕਾਂ ਦੀਆਂ ਸਹੂਲਤਾਂ ਬਿਲਕੁਲ ਨਾ ਰੋਕੀਆਂ ਜਾਣ। ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਸਹੀ ਅਤੇ ਸਮੇਂ ਸਿਰ ਵੰਡ ਨੂੰ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਉਹਨਾਂ ਕਿਹਾ ਕਿ ਘਰ ਵਿਚ ਰਾਸ਼ਨ ਨਾ ਰੱਖ ਕੇ ਸਾਂਝੀ ਜਗ੍ਹਾ ਉੱਤੇ ਵੰਡਣਾ ਯਕੀਨੀ ਬਣਾਇਆ ਜਾਵੇ।

ਉਹਨਾਂ ਬਿਜਲੀ ਵਿਭਾਗ ਨੂੰ ਆਪਣੀ ਕਾਰਗੁਜ਼ਾਰੀ ਸੁਧਾਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਆਮ ਲੋਕਾਂ ਦੀਆਂ ਜਿਆਦਾ ਸ਼ਿਕਾਇਤਾਂ ਬਿਜਲੀ ਵਿਭਾਗ ਨਾਲ ਹੁੰਦੀਆਂ ਹਨ। ਉਹਨਾਂ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਕੰਮ 30 ਸਤੰਬਰ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਕੋਆਰਡੀਨੇਸ਼ਨ ਦੀ ਕਮੀ ਕਾਰਨ ਵਿਕਾਸ ਕਾਰਜ ਅਕਸਰ ਲੇਟ ਹੋ ਜਾਂਦੇ ਹਨ। ਇਸ ਕਰਕੇ ਹਰੇਕ ਵਿਭਾਗ ਵਿੱਚ ਕੋਆਰਡੀਨੇਸ਼ਨ ਪੂਰਾ ਹੋਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਉਹ ਜਲਦੀ ਹੀ ਛੱਪੜਾਂ ਦੀ ਸਫਾਈ ਅਤੇ ਮੁਰੰਮਤ ਦਾ ਕੰਮ ਖੁਦ ਚੈੱਕ ਕਰਨਗੇ। ਜਿਹੜੇ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਉਹਨਾਂ ਦੇ ਰਿਪੋਰਟ ਭੇਜੀ ਜਾਵੇ ਤਾਂ ਜੌ ਉਹਨਾਂ ਦਾ ਉਦਘਾਟਨ ਕਰਵਾਇਆ ਜਾ ਸਕੇ ਤਾਂ ਜ਼ੋ ਲੋਕ ਇਹਨਾਂ ਦਾ ਭਰਪੂਰ ਲਾਭ ਲੈ ਸਕਣ। ਉਹਨਾਂ ਕਿਹਾ ਕਿ ਮਗਨਰੇਗਾ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਅਤੇ ਅਦਾਇਗੀ ਸਮੇਂ ਸਿਰ ਕਰਨੀ ਲਾਜ਼ਮੀ ਹੈ।

ਲੰਪੀ ਸਕਿਨ ਬਿਮਾਰੀ ਦੀ ਸਥਿਤੀ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਪੀੜਤ ਗਊਆਂ ਨੂੰ ਖੁੱਲ੍ਹੇਆਮ ਘੁੰਮਣ ਨਾ ਦਿੱਤਾ ਜਾਵੇ। ਪਸ਼ੂ ਪਾਲਣ ਵਿਭਾਗ ਨੂੰ ਅਜਿਹੇ ਪਸ਼ੂਆਂ ਦਾ ਖੁਦ ਲੱਭ ਕੇ ਇਲਾਜ ਕਰਨ ਦੀ ਹਦਾਇਤ ਕੀਤੀ ਗਈ।

ਉਹਨਾਂ ਕਿਹਾ ਕਿ ਖੇਤੀ ਮਸ਼ੀਨਾਂ ਉੱਤੇ ਸਬਸਿਡੀ ਦੇ ਮਾਮਲਿਆਂ ਦੀ ਘੋਖ ਕੀਤੀ ਜਾਵੇ। ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਖ਼ਿਲਾਫ਼ ਕਰਵਾਈ ਕੀਤੀ ਜਾਵੇ। ਵਿਸ਼ੇਸ਼ ਕੈਂਪ ਲਗਾ ਕੇ ਲੌੜਵੰਦਾਂ ਦੇ ਨਵੇਂ ਪੈਨਸ਼ਨ ਕੇਸ ਪਾਸ ਕੀਤੇ ਜਾਣ। ਉਹਨਾਂ ਕਿਹਾ ਕਿ ਦੁੱਧ ਅਤੇ ਖਾਧ ਪਦਾਰਥਾਂ ਵਿੱਚ ਮਿਲਾਵਟ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੈਂਪਲਿੰਗ ਵਧਾਉਣ ਅਤੇ ਵੱਡੇ ਮਗਰਮੱਛ ਫੜ੍ਹੇ ਜਾਣ ਬਾਰੇ ਹਦਾਇਤ ਕੀਤੀ ਗਈ। ਇਸ ਸਬੰਧੀ ਪਹਿਲੀ ਤੋਂ 15 ਸਤੰਬਰ ਤੱਕ ਦੀ ਕਾਰਵਾਈ ਰਿਪੋਰਟ ਭੇਜਣ ਬਾਰੇ ਵੀ ਕਿਹਾ ਗਿਆ।

ਉਹਨਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਇਸ ਕਰਕੇ ਆਮ ਲੋਕਾਂ ਦੀ ਖਾਹਿਸ਼ ਦਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦਾ ਸਹਿਯੋਗ ਕੀਤਾ ਜਾਵੇ। ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਨੇ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਅਤੇ ਆਮ ਲੋਕਾਂ ਨੂੰ ਵਿਕਾਸ ਯੋਜਨਾਵਾਂ ਦਾ ਲਾਭ ਦਿਵਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਜ਼ਿਲ੍ਹਾ ਮਾਲੇਰਕੋਟਲਾ ਦੀਆਂ ਬੁਨਿਆਦੀ ਲੋੜਾਂ ਬਾਰੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਵਨੀਤ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਸ੍ਰ ਸੁਖਪ੍ਰੀਤ ਸਿੰਘ ਸਿੱਧੂ, ਐੱਸ ਡੀ ਐੱਮ ਮਾਲੇਰਕੋਟਲਾ ਕਰਨਦੀਪ ਸਿੰਘ, ਐੱਸ ਡੀ ਐੱਮ ਅਹਿਮਦਗੜ੍ਹ ਸ੍ਰ ਹਰਬੰਸ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀ ਗੁਰਮੀਤ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਰਕਾਰੀ ਬੱਸਾਂ ਦੀ ਤੇਲ ਚੋਰੀ ਰੋਕਣ ਲਈ ਛਾਪੇਮਾਰ ਟੀਮਾਂ ਗਠਤ

ਇਸਾਈ ਪਾਦਰੀ ਦੀ SGPC ਕੋਲ ਪਹੁੰਚੀ ਸ਼ਿਕਾਇਤ, ਪੜ੍ਹੋ ਕੀ ਹੈ ਮਾਮਲਾ ?