ਫ਼ਿਰੋਜ਼ਪੁਰ, 22 ਜੁਲਾਈ 2022 – ਅੰਮ੍ਰਿਤਸਰ ‘ਚ ਹੋਏ ਗੈਂਗਸਟਰ ਐਨਕਾਊਂਟਰ ‘ਤੇ ਫਿਰੋਜ਼ਪੁਰ ਦੇ ਜ਼ੀਰਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਲੋਕ ਮਾੜੀ ਸੰਗਤ ‘ਚ ਪੈ ਗਏ ਹਨ ਜਾਂ ਲਾਲਚਵੱਸ ਹਨ, ਉਹ ਨੌਜਵਾਨ ਵਾਪਸ ਪਾਰ੍ਟ ਆਉਣ, ਜੋ ਵੀ ਹੋਵੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿੱਚ ਬੰਦੂਕ ਅਤੇ ਗੈਂਗਸਟਰ ਕਲਚਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਪੰਜਾਬ ਦੇ ਵਿਕਾਸ ਦੀ ਵਾਰੀ ਹੈ। ਮੁੱਖ ਮੰਤਰੀ 21 ਸਿੱਖ ਰੈਜੀਮੈਂਟ ਦੇ ਜਵਾਨ ਕੁਲਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜ਼ੀਰਾ ਨੇੜੇ ਪਿੰਡ ਲਹੋਕੇ ਪੁੱਜੇ ਸਨ। ਇਸ ਮੌਕੇ ਉਹਨਾਂ ਨੇ ਇਹ ਸ਼ਬਦ ਕਹੇ।
ਚੀਨ ਸਰਹੱਦ ‘ਤੇ ਡਿਊਟੀ ਦੌਰਾਨ ਮੌਤ ਤੋਂ ਬਾਅਦ ਪਰਿਵਾਰ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਸਹਾਇਤਾ ਦਿੱਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਨੂੰ ਬੰਦੂਕ ਅਤੇ ਗੈਂਗ ਮੁਕਤ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਵਿਕਾਸ ਦੀ ਲੀਹ ‘ਤੇ ਲੈ ਕੇ ਜਾਣਾ ਹੈ। ਸਿਹਤ ਸਹੂਲਤਾਂ ਤਿਆਰ ਕਰਨੀਆਂ ਪੈਣਗੀਆਂ। 15 ਅਗਸਤ ਨੂੰ 75 ਮੁਹੱਲਾ ਕਲੀਨਿਕ ਤਿਆਰ ਹੋ ਜਾਣਗੇ ਅਤੇ ਪੰਜ ਸਾਲਾਂ ਵਿੱਚ 16 ਮੈਡੀਕਲ ਕਾਲਜ, ਹਸਪਤਾਲ ਤਿਆਰ ਹੋ ਜਾਣਗੇ। ਪੰਜਾਬ ਵਿੱਚ ਪਹਿਲਾਂ ਹੀ 9 ਮੈਡੀਕਲ ਕਾਲਜ ਹਨ। 25 ਮੈਡੀਕਲ ਕਾਲਜ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ। ਮੁਹੱਲਾ ਕਲੀਨਿਕਾਂ ਵਿੱਚ ਵੀ ਟੈਸਟ ਦੀ ਸਹੂਲਤ ਹੋਵੇਗੀ।
ਵਾਪਸ ਪਰਤਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਲਹੋਕੇ ਕਲਾਂ ਦੇ ਲੋਕਾਂ ਵਿੱਚ ਰੁਕ ਕੇ ਇੱਕ ਵਾਰ ਫਿਰ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਬਿਜਲੀ ਮੁਫ਼ਤ ਕਰਨ ਦਾ ਐਲਾਨ ਕੀਤਾ ਗਿਆ ਸੀ, ਹੁਣ 1 ਸਤੰਬਰ ਨੂੰ 74 ਲੱਖ ਪਰਿਵਾਰਾਂ ਵਿੱਚੋਂ 51 ਲੱਖ ਪਰਿਵਾਰਾਂ ਨੂੰ ਜ਼ੀਰੋ ਬਿੱਲ ਆਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਢੇ ਤਿੰਨ ਮਹੀਨੇ ਬੀਤ ਚੁੱਕੇ ਹਨ ਅਤੇ ਜਲਦੀ ਹੀ ਸਕੂਲਾਂ, ਕਾਲਜਾਂ ਅਤੇ ਸਿਹਤ ਸਹੂਲਤਾਂ ਲਈ ਕੀਤੇ ਵਾਅਦੇ ਵੀ ਪੂਰੇ ਕੀਤੇ ਜਾਣਗੇ।