ਪੰਜਾਬ ਕਿਸੇ ਵੀ ਕੋਵਿਡ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਸਿਹਤ ਮੰਤਰੀ ਚੇਤਨ ਜੌੜਾਮਾਜਰਾ

  • ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ :ਪੰਜਾਬ ਵਿੱਚ ਅਜੇ ਤੱਕ ਕੋਵਿਡ ਦੇ ਨਵੇਂ ਸਰੂਪ ਦਾ ਕੋਈ ਕੇਸ ਨਹੀਂ
  • ਸਿਹਤ ਮੰਤਰੀ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਵਾਰ-ਵਾਰ ਹੱਥ ਧੋਣ ਦੀ ਕੀਤੀ ਅਪੀਲ

ਚੰਡੀਗੜ੍ਹ, 28 ਦਸੰਬਰ 2022 – ਚੀਨ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵੱਧ ਰਹੇ ਕੋਵਿਡ ਕੇਸਾਂ ਦਰਮਿਆਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 27 ਦਸੰਬਰ ਨੂੰ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ ਕਰਵਾਈ ਗਈ ਮੌਕ ਡਰਿੱਲ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਹਸਪਤਾਲ ਵਿੱਚ 120 ਬਿਸਤਰਿਆਂ ਵਾਲੇ ਵਿਸ਼ੇਸ਼ ਕੋਵਿਡ ਆਈਸੋਲੇਸ਼ਨ ਵਾਰਡ ਦਾ ਦੌਰਾ ਕੀਤਾ ਅਤੇ ਆਕਸੀਜਨ, ਵੈਂਟੀਲੇਟਰਾਂ, ਸਿਹਤ ਸਟਾਫ਼, ਕੋਵਿਡ ਟੀਕਾਕਰਨ ਸਮੇਤ ਜ਼ਰੂਰੀ ਦਵਾਈਆਂ ਅਤੇ ਹੋਰ ਕੋਵਿਡ ਸਹੂਲਤਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਆਈਸੋਲੇਸ਼ਨ ਵਾਰਡ ਵਿੱਚ ਸਫ਼ਾਈ ਦਾ ਵਿਸ਼ੇਸ਼ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ ਦੇ ਮਰੀਜ਼ਾਂ ਨੂੰ ਬਿਹਤਰ ਅਤੇ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਜ਼ਿਕਰਯੋਗ ਹੈ ਕਿ ਚੀਨ ਸਮੇਤ ਕੁਝ ਦੇਸ਼ਾਂ ’ਚ ਕੋਵਿਡ ਪਾਜ਼ਿਟਿਵ ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ 27 ਦਸੰਬਰ ਨੂੰ ਰਾਜਾਂ ਨੂੰ ਸਿਹਤ ਸੰਸਥਾਵਾਂ ’ਚ ਮੌਕ ਡਰਿੱਲ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪੁਖਤਾ ਪ੍ਰਬੰਧ ਅਤੇ ਪੂਰੀ ਤਿਆਰੀ ਹੈ। ਮੰਤਰੀ ਨੇ ਕਿਹਾ, ’’ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੂਬੇ ਵਿੱਚ ਕੋਵਿਡ ਦੇ ਕੁੱਲ 38 ਐਕਟਿਵ ਕੇਸ ਹਨ ਅਤੇ ਕੋਵਿਡ ਦੇ ਨਵੇਂ ਰੂਪ ਦਾ ਕੋਈ ਕੇਸ ਨਹੀਂ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਲਗਭਗ 15 ਹਜ਼ਾਰ ਬੈੱਡ ਤਿਆਰ ਹਨ।

ਇਸ ਵਿੱਚ ਲੈਵਲ 3 ਦੇ 1000 ਬੈੱਡ ਅਤੇ 1000 ਦੇ ਕਰੀਬ ਵੈਂਟੀਲੇਟਰਾਂ ਦਾ ਪ੍ਰਬੰਧ ਹੈ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਕਸੀਜਨ ਪਲਾਂਟ ਕਾਫੀ ਗਿਣਤੀ ਵਿੱਚ ਹਨ ਅਤੇ ਇਨ੍ਹਾਂ ਨੂੰ ਚਲਾ ਕੇ ਟੈਸਟ ਵੀ ਕੀਤਾ ਗਿਆ ਹੈ।ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਰਾਜ ਵਿੱਚ ਕੋਵਿਡ ਨਾਲ ਸਬੰਧਤ ਕੋਈ ਪਾਬੰਦੀਆਂ ਲਗਾਉਣ ਜਾਂ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਅਜੇ ਕੋਈ ਯੋਜਨਾ ਨਹੀਂ ਹੈ। ਵਰਤਮਾਨ ਵਿੱਚ, ਲੋਕਾਂ ਨੂੰ ਇਸ ਘਾਤਕ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ ਅਤੇ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਰਣਜੀਤ ਸਿੰਘ ਘੋਤੜਾ, ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ, ਮੈਡੀਕਲ ਕਾਲਜ ਪਿ੍ੰਸੀਪਲ ਡਾ: ਭਵਨੀਤ ਭਾਰਤੀ, ਐੱਸਐੱਮਓ ਡਾ: ਵਿਜੇ ਭਗਤ, ਕੋਵਿਡ ਨੋਡਲ ਅਫ਼ਸਰ ਡਾ: ਹਰਮਨਦੀਪ ਕੌਰ, ਡਾ: ਪਰਮਿੰਦਰ ਸਿੰਘ, ਡਾ. ਰਾਜਵੀਰ ਸਿੰਘ ਆਦਿ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

PGI ਸਮੇਤ ਸਾਰੇ ਹਸਪਤਾਲਾਂ ‘ਚ ਮੌਕ ਡਰਿੱਲ: ਕੋਰੋਨਾ ਸਬੰਧੀ ਪੁਖਤਾ ਪ੍ਰਬੰਧ

ਪੰਜਾਬ ‘ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ, ਆਰਪੀਜੀ ਤੇ ਰਾਕੇਟ ਲਾਂਚਰ ਸਮੇਤ ਤਿੰਨ ਗ੍ਰਿਫ਼ਤਾਰ