ਲੁਧਿਆਣਾ, 27 ਦਸੰਬਰ 2022 – ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਬਲਾਤਕਾਰ ਦੇ ਮਾਮਲੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਲੁਧਿਆਣਾ ਵਿੱਚ ਪਾਰਟੀ ਦਾ ਗ੍ਰਾਫ਼ ਲਗਾਤਾਰ ਹੇਠਾਂ ਡਿੱਗ ਰਿਹਾ ਹੈ। ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੰਨੀ ਕੈਂਥ ਜਲਦ ਹੀ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਜਦੋਂ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜੇਲ੍ਹ ਵਿੱਚ ਹਨ, ਉਦੋਂ ਤੋਂ ਲਿਪ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਚਲਾਉਣ ਲਈ ਕੋਈ ਆਗੂ ਸਾਹਮਣੇ ਨਜ਼ਰ ਨਹੀਂ ਆ ਰਿਹਾ। ਸੰਨੀ ਕੈਂਥ ਦੇ ਅਸਤੀਫੇ ਤੋਂ ਬਾਅਦ ਕਈ ਹੋਰ ਨੇਤਾਵਾਂ ਨੇ ਵੀ ਅਸਤੀਫੇ ਦੀ ਤਿਆਰੀ ਕਰ ਲਈ ਹੈ। ਸੰਨੀ ਕੈਂਥ ਨੇ ਆਪਣਾ ਅਸਤੀਫਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਸੌਂਪ ਦਿੱਤਾ ਹੈ।
ਇੱਕ ਸਮੇਂ ਲੋਕ ਇਨਸਾਫ਼ ਪਾਰਟੀ ਕੋਲ ਸ਼ਹਿਰ ਵਿੱਚ 5 ਤੋਂ 7 ਕੌਂਸਲਰ ਸਨ ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਕੋਈ ਵੀ ਆਗੂ ਪਾਰਟੀ ਦਾ ਬੇੜਾ ਨਹੀਂ ਕੱਢ ਸਕਦਾ। ਬੈਂਸ ਪਹਿਲਾਂ ਹੀ ਜੇਲ੍ਹ ਵਿੱਚ ਹਨ, ਜਿਸ ਦਾ ਅਸਰ ਨਿਗਮ ਚੋਣਾਂ ਵਿੱਚ ਵੀ ਦੇਖਣ ਨੂੰ ਮਿਲੇਗਾ। ਸੰਨੀ ਕੈਂਥ ਲੋਕ ਇਨਸਾਫ ਪਾਰਟੀ ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ। ਸੰਨੀ ਹਲਕਾ ਗਿੱਲ ਤੋਂ ਚੋਣ ਲੜਿਆ ਸੀ।
19 ਜੂਨ 2019 ਨੂੰ ਸੰਨੀ ਕੈਂਥ ਕਾਂਗਰਸ ਛੱਡ ਕੇ ਸਿਮਰਜੀਤ ਬੈਂਸ ਦੀ ਅਗਵਾਈ ਹੇਠ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਸੰਨੀ ਕੈਂਥ ਨੇ ਉਸ ਸਮੇਂ ਜੁਆਇਨ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਸਿਮਰਨਜੀਤ ਬੈਂਸ ਵੱਲੋਂ ਨਸ਼ਿਆਂ ਖਿਲਾਫ ਕੀਤੇ ਗਏ ਸਟਿੰਗ ਤੋਂ ਬਹੁਤ ਪ੍ਰਭਾਵਿਤ ਹਨ। ਹੁਣ ਉਹ ਇਸ ਤਰ੍ਹਾਂ ਨਸ਼ਿਆਂ ਵਿਰੁੱਧ ਵੀ ਮੋਰਚਾ ਖੋਲ੍ਹੇਗਾ। ਉਨ੍ਹਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਸਾਰੇ ਜਾਣਦੇ ਹਨ ਕਿ ਕਿਹੜੇ-ਕਿਹੜੇ ਆਗੂ ਅਤੇ ਪੁਲਿਸ ਅਧਿਕਾਰੀ ਅਜਿਹੇ ਲੋਕਾਂ ਨੂੰ ਭੜਕਾਹਟ ਦੇ ਰਹੇ ਹਨ, ਸਾਰਿਆਂ ਦੇ ਭੇਤ ਬੇਨਕਾਬ ਹੋ ਜਾਣਗੇ ਪਰ ਅੱਜ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਕਈ ਨੇਤਾ ਸੰਨੀ ਕੈਂਥ ਦੇ ਸੰਪਰਕ ‘ਚ ਹਨ। ਸੰਨੀ ਕੈਂਥ ਜਲਦ ਹੀ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ ਪਰ ਸੰਨੀ ਕੈਂਥ ਨੇ ਇਸ ਮਾਮਲੇ ‘ਤੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ।