ਅੰਮ੍ਰਿਤਸਰ, 20 ਅਕਤੂਬਰ 2022 – ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੋਂ ਦੀ ਇੱਕ ਮੋਬਾਈਲ ਦੀ ਦੁਕਾਨ ਵਿੱਚ ਇੱਕ ਪੁਲੀਸ ਮੁਲਾਜ਼ਮ ਨੇ ਅਣਜਾਣੇ ਵਿੱਚ ਆਪਣੇ ਸਰਕਾਰੀ ਪਿਸਤੌਲ ਵਿੱਚੋਂ ਗੋਲੀ ਚਲਾ ਦਿੱਤੀ। ਗੋਲੀ ਦੁਕਾਨ ‘ਤੇ ਕੰਮ ਕਰਦੇ ਨੌਜਵਾਨ ਨੂੰ ਲੱਗੀ। ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। 49 ਸੈਕਿੰਡ ਦੀ ਸੀਸੀਟੀਵੀ ਫੁਟੇਜ ਵਿੱਚ, ਇੱਕ ਪੁਲਿਸ ਅਧਿਕਾਰੀ ਆਪਣੀ ਸਰਕਾਰੀ ਪਿਸਤੌਲ ਇੱਕ ਮੋਬਾਈਲ ਦੀ ਦੁਕਾਨ ਦੇ ਕਾਊਂਟਰ ‘ਤੇ ਰੱਖ ਕੇ ਵਾਰ-ਵਾਰ ਘੁਮਾਉਂਦਾ ਅਤੇ ਛੂਹਦਾ ਦਿੱਖ ਰਿਹਾ ਹੈ। ਇਸ ਦੌਰਾਨ ਉਹ ਕਾਊਂਟਰ ‘ਤੇ ਪਿਸਤੌਲ ਨੂੰ ਕਈ ਵਾਰ ਘੁੰਮਾਉਂਦਾ ਹੈ। ਫਿਰ ਅਚਾਨਕ ਗੋਲੀ ਚੱਲਣ ਨਾਲ ਉੱਥੇ ਕੰਮ ਕਰ ਰਹੇ ਨੌਜਵਾਨ ਨੂੰ ਸੱਟ ਲੱਗ ਜਾਂਦੀ ਹੈ। ਪੁਲਿਸ ਅਧਿਕਾਰੀ ਦਾ ਪਿਸਤੌਲ ਕਾਰਤੂਸਾਂ ਨਾਲ ਲੋਡ ਸੀ।
ਅੰਮ੍ਰਿਤਸਰ ਦੇ ਉੱਤਰੀ ਖੇਤਰ ਦੇ ਏ.ਸੀ.ਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਗਵਾਹਾਂ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।