ਜਲੰਧਰ, 28 ਅਪ੍ਰੈਲ 2022 – ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਹਾਈ ਅਲਰਟ ‘ਤੇ ਹੈ। ਅੱਤਵਾਦੀ ਸੰਗਠਨ ਨੇ ਜਲੰਧਰ ਦੇ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਨਾਲ-ਨਾਲ ਜਲੰਧਰ ਦੇ ਰੇਲਵੇ ਸਟੇਸ਼ਨ ਨੂੰ ਬੰਬ ਧਮਾਕਿਆਂ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਅੱਤਵਾਦੀ ਸੰਗਠਨ ਦੀ ਧਮਕੀ ਤੋਂ ਬਾਅਦ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੇਰ ਰਾਤ ਸ਼੍ਰੀ ਦੇਵੀ ਤਾਲਾਬ ਮੰਦਰ ਦਾ ਦੌਰਾ ਕੀਤਾ। ਉਨ੍ਹਾਂ ਨੇ ਮੰਦਰ ਦੇ ਸੁਰੱਖਿਆ ਪ੍ਰਬੰਧਕਾਂ ਦਾ ਜਾਇਜ਼ਾ ਲਿਆ।
ਸੀਪੀ ਤੂਰ ਨੇ ਜਲੰਧਰ ਪੁਲਿਸ ਨੂੰ ਸੁਚੇਤ ਕਰਦੇ ਹੋਏ ਨਾਕਾਬੰਦੀ ਵਧਾਉਣ ਦੇ ਨਾਲ-ਨਾਲ ਸ਼ੱਕੀ ਨਜ਼ਰ ਆਉਣ ਵਾਲੇ ਲੋਕਾਂ ‘ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਦੇਵੀ ਤਾਲਾਬ ਦੇ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਜੈਸ਼-ਏ-ਮੁਹੰਮਦ ਦਾ ਖਤਰਾ ਹੈ, ਅਜਿਹੇ ਇਨਪੁਟਸ ਉਨ੍ਹਾਂ ਨੂੰ ਆਉਂਦੇ ਰਹਿੰਦੇ ਹਨ। ਕਈ ਵਾਰ ਅਜਿਹਾ ਦਹਿਸ਼ਤ ਫੈਲਾਉਣ ਲਈ ਵੀ ਕੀਤਾ ਜਾਂਦਾ ਹੈ ਪਰ ਪੁਲਿਸ ਅਜਿਹੇ ਇਨਪੁਟਸ ਨੂੰ ਸੱਚ ਮੰਨ ਕੇ ਕਾਰਵਾਈ ਕਰਦੀ ਹੈ।
ਇਸ ਖਤਰੇ ਨੂੰ ਧਿਆਨ ‘ਚ ਰੱਖਦੇ ਹੋਏ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ। ਜੀਆਰਪੀ ਨੇ ਵੀ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਲਗਾਤਾਰ ਗਸ਼ਤ ਕਰ ਰਹੀ ਹੈ। ਸ਼ੱਕੀ ਵਿਅਕਤੀ ਨੂੰ ਦੇਖ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਕਈ ਵਾਰ ਪੁਲਿਸ ਦਾ ਧਿਆਨ ਭਟਕਾਉਣ ਲਈ ਅਜਿਹੇ ਪੱਤਰ ਵੀ ਭੇਜੇ ਜਾਂਦੇ ਹਨ, ਜਿਸ ਨਾਲ ਪੁਲਿਸ ਦੂਜੇ ਪਾਸੇ ਉਲਝੀ ਰਹਿੰਦੀ ਹੈ ਅਤੇ ਸ਼ਰਾਰਤੀ ਅਨਸਰ ਆਪਣਾ ਕੰਮ ਕਰਦੇ ਹਨ ਜਾਂ ਦੂਜੇ ਪਾਸੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ।
ਸੀਪੀ ਤੂਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਨਾ ਸਿਰਫ਼ ਸ੍ਰੀ ਦੇਵੀ ਤਾਲਾਬ ਮੰਦਿਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਸਗੋਂ ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਪ੍ਰਬੰਧ ਵੀ ਮਜ਼ਬੂਤ ਕੀਤੇ ਹਨ। ਪਿਛਲੇ ਦੋ-ਤਿੰਨ ਦਿਨਾਂ ਤੋਂ ਸ਼ਹਿਰ ‘ਚ ਲੁੱਟ-ਖੋਹ ਦੀਆਂ ਘਟਨਾਵਾਂ ‘ਚ ਅਚਾਨਕ ਵਾਧਾ ਹੋਇਆ ਸੀ, ਜਿਸ ‘ਤੇ ਵੀ ਰੋਕ ਲੱਗ ਗਈ ਹੈ। ਪੁਲਿਸ ਨੇ ਜਿਸ ਨੂੰ 27 ਮੋਬਾਈਲਾਂ ਸਮੇਤ ਕਾਬੂ ਕੀਤਾ ਹੈ, ਨੇ ਪੁੱਛਗਿੱਛ ‘ਚ ਦੱਸਿਆ ਹੈ ਕਿ ਜਿਹੜੇ ਵਿਅਕਤੀ ਲੁੱਟ-ਖੋਹ ਕਰਦੇ ਹਨ, ਉਹ ਚੋਰੀ ਕੀਤੇ ਜਾਂ ਲੁੱਟੇ ਗਏ ਮੋਬਾਈਲ ਉਸ ਨੂੰ ਨਸ਼ਾ ਕਰਨ ਲਈ ਵੇਚਦੇ ਹਨ।
ਦੱਸ ਦੇਈਏ ਕਿ ਜੈਸ਼-ਏ-ਮੁਹੰਮਦ ਦੇ ਏਰੀਆ ਕਮਾਂਡਰ ਸਲੀਮ ਅੰਸਾਰੀ ਦਾ ਇੱਕ ਪੱਤਰ ਰੇਲਵੇ ਸਟੇਸ਼ਨ ਸੁਪਰਡੈਂਟ ਸੁਲਤਾਨਪੁਰ ਲੋਧੀ ਨੂੰ ਡਾਕ ਰਾਹੀਂ ਮਿਲਿਆ ਹੈ। ਇਸ ਵਿੱਚ ਉਸ ਨੇ ਪੰਜਾਬ ਦੇ ਪੰਜ ਤੋਂ ਵੱਧ ਰੇਲਵੇ ਸਟੇਸ਼ਨਾਂ, ਸ਼੍ਰੀ ਦੇਵੀ ਤਾਲਾਬ ਮੰਦਿਰ, ਫਗਵਾੜਾ ਦੇ ਪ੍ਰਸਿੱਧ ਮੰਦਿਰ ਸ਼੍ਰੀ ਹਨੂੰਮਾਨ ਗੜ੍ਹੀ ਅਤੇ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਸਥਾ ਦੇ ਕੇਂਦਰਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਇਕ ਵਾਰ ਤਾਂ ਇਹ ਚਿੱਠੀ ਮਿਲਦਿਆਂ ਹੀ ਹਲਚਲ ਮਚ ਗਈ।
ਜੈਸ਼-ਏ-ਮੁਹੰਮਦ ਦੇ ਨਾਂ ਲਿਖੇ ਪੱਤਰ ‘ਚ ਕਿਹਾ ਗਿਆ ਹੈ ਕਿ 21 ਮਈ ਨੂੰ ਜਲੰਧਰ, ਸੁਲਤਾਨਪੁਰ ਲੋਧੀ, ਲੋਹੀਆਂ ਖਾਸ, ਫਿਰੋਜ਼ਪੁਰ ਛਾਉਣੀ, ਫਗਵਾੜਾ, ਅੰਮ੍ਰਿਤਸਰ, ਤਰਨਤਾਰਨ ਦੇ ਰੇਲਵੇ ਸਟੇਸ਼ਨਾਂ ਸਮੇਤ ਪੰਜਾਬ ਦੇ ਕਈ ਸਟੇਸ਼ਨਾਂ ਨੂੰ ਉਡਾਇਆ ਜਾਵੇਗਾ। ਉੱਪਰ 23 ਮਈ ਨੂੰ ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਿਰ, ਫਗਵਾੜਾ ਦੇ ਸ਼੍ਰੀ ਹਨੂੰਮਾਨ ਗੜ੍ਹੀ ਮੰਦਿਰ, ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਨੂੰ ਬੰਬਾਂ ਨਾਲ ਉਡਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਅਤੇ ਫਿਰੋਜ਼ਪੁਰ ਰੇਲਵੇ ਦੀ ਜਨਰਲ ਮੈਨੇਜਰ ਸੀਮਾ ਸ਼ਰਮਾ ਸਮੇਤ ਅਕਾਲੀ ਦਲ ਦੇ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।