ਖਨੌਰੀ ਬਾਰਡਰ, 29 ਫਰਵਰੀ 2024 – ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ 21 ਫਰਵਰੀ ਨੂੰ ਨੌਜਵਾਨ ਸ਼ੁਭਕਰਨ ਦੀ ਹੋਈ ਮੌਤ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਪਰਚਾ ਦਰਜ ਕਾ ਲਿਆ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਉਦੋਂ ਤੋਂ ਹੀ ਸ਼ੁਭਕਰਨ ਦੀ ਮੌਤ ‘ਤੇ ਐਫ ਆਈ ਆਰ ਦਰਜ ਕਰਨ ਦੀ ਮੰਗ ਕਰ ਰਹੀਆਂ ਸਨ ਅਤੇ ਨਾ ਹੀ ਸ਼ੁਭਕਰਨ ਦਾ ਪੋਸਟ-ਮਾਰਟਮ ਕੀਤਾ ਗਿਆ ਸੀ ਅਤੇ ਨਾ ਹੀ ਉਸ ਦਾ ਸਸਕਾਰ ਕਰਨ ਲਈ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਮੰਨ ਰਹੀਆਂ ਸਨ, ਉਸ ਸਾਰੇ ਇਸ ਮਾਮਲੇ ‘ਤੇ ਐਫ ਆਈ ਆਰ ਦਰਜ ਕਰਨ ਦੀ ਮੰਗ ‘ਤੇ ਅੜੇ ਹੋਏ ਸਨ।
ਪੁਲਿਸ ਨੇ ਆਈਪੀਸੀ ਦੀ ਧਾਰਾ 302 (ਕਤਲ) ਅਤੇ 114 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪਰ ਇਸ ‘ਚ ਖਾਸ ਗੱਲ ਇਹ ਹੈ ਕਿ ਮਾਮਲੇ ਵਿੱਚ ਅਜੇ ਤੱਕ ਕਿਸੇ ਦਾ ਨਾਮ ਨਹੀਂ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲੀਸ ਘਟਨਾ ਵਾਲੇ ਦਿਨ ਦੀਆਂ ਫੋਟੋਆਂ ਅਤੇ ਵੀਡੀਓਜ਼ ਇਕੱਠੀਆਂ ਕਰੇਗੀ। ਜਿਸ ਦੇ ਆਧਾਰ ‘ਤੇ ਮਾਮਲੇ ‘ਚ ਨਾਂ ਸ਼ਾਮਲ ਕੀਤੇ ਜਾਣਗੇ। ਇਹ ਮਾਮਲਾ ਪਟਿਆਲਾ ਦੇ ਪਤਾਰਾ ਥਾਣੇ ਵਿੱਚ ਦਰਜ ਕੀਤਾ ਗਿਆ ਹੈ।