- ਹਮਲਾ ਕਰਨ ਲਈ ਵਿਦੇਸ਼ ਤੋਂ ਆਏ ਸੀ ਆਰਡਰ
- ਪੁਲਿਸ ਜਾਂਚ ‘ਚ ਜੁਟੀ
ਚੰਡੀਗੜ੍ਹ, 7 ਜੁਲਾਈ 2023 – ਪੰਜਾਬ ਪੁਲਿਸ ਨੇ ਬਟਾਲਾ ਦੇ ਸਿਟੀ ਰੋਡ ‘ਤੇ ਸ਼ਿਵ ਸੈਨਾ ਸਮਾਜਵਾਦੀ ਸੰਗਠਨ ਦੇ ਆਗੂ ਰਾਜੀਵ ਮਹਾਜਨ ਦੀ ਇਲੈਕਟ੍ਰੋਨਿਕਸ ਦੀ ਦੁਕਾਨ ‘ਤੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਬਟਾਲਾ ਪੁਲਿਸ ਨੇ ਮੁਲਜ਼ਮ ਨੂੰ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਤੋਂ ਕਾਬੂ ਕੀਤਾ ਹੈ। ਇਸ ਹਮਲੇ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਵੀ ਸਾਹਮਣੇ ਆ ਰਿਹਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 24 ਜੂਨ ਨੂੰ ਰਾਜੀਵ ਮਹਾਜਨ ਦੀ ਇਲੈਕਟ੍ਰੋਨਿਕਸ ਦੀ ਦੁਕਾਨ ‘ਤੇ ਗੋਲੀਬਾਰੀ ਹੋਈ ਸੀ। ਜਿਸ ਵਿਚ ਰਾਜੀਵ ਮਹਾਜਨ ਤੋਂ ਇਲਾਵਾ ਉਸ ਦਾ ਲੜਕਾ ਅਤੇ ਭਰਾ ਵੀ ਜ਼ਖਮੀ ਹੋ ਗਏ ਸਨ। ਇਸ ਦੇ ਮੁੱਖ ਦੋਸ਼ੀ ਨੂੰ ਪੱਛਮੀ ਬੰਗਾਲ ਪੁਲਿਸ ਦੀ ਮਦਦ ਨਾਲ ਫੜਿਆ ਗਿਆ ਹੈ। ਜਦਕਿ ਬਾਕੀ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਹਮਲੇ ਦੇ ਆਰਡਰ ਵਿਦੇਸ਼ ਤੋਂ ਆਏ ਸਨ। ਹਾਲਾਂਕਿ ਪੁਲਿਸ ਇਹ ਸਪੱਸ਼ਟ ਨਹੀਂ ਕਰ ਰਹੀ ਕਿ ਇਹ ਇੱਕ ਅੱਤਵਾਦੀ ਕਾਰਵਾਈ ਸੀ, ਪਰ ਇਸ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਵੀ ਇਨਕਾਰ ਨਹੀਂ ਕਰ ਰਹੀ ਹੈ। ਪੁਲਿਸ ਮੁਤਾਬਕ ਪੂਰੇ ਮਾਡਿਊਲ ਦਾ ਪਰਦਾਫਾਸ਼ ਕਰ ਲਿਆ ਗਿਆ ਹੈ, ਜਿਸ ਨੂੰ ਵਿਦੇਸ਼ ਤੋਂ ਚਲਾਇਆ ਜਾ ਰਿਹਾ ਸੀ।
ਹਮਲੇ ਨੂੰ ਅੰਜਾਮ ਦੇਣ ਦੇ ਵਿਦੇਸ਼ ਤੋਂ ਆਦੇਸ਼ ਮਿਲਣ ਤੋਂ ਬਾਅਦ ਪੁਲਿਸ ਨੇ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੂੰ ਪੈਸੇ ਕਿੱਥੋਂ ਉਪਲਬਧ ਕਰਵਾਏ ਗਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।