ਪੰਜਾਬ ਪੁਲਿਸ ਦੀ ਸਾਂਝ ਯੂਨਿਟ ਨੇ ਪ੍ਰੋਜੈਕਟ ਵਿੰਟਰ ਵਾਰਮਥ ਤਹਿਤ ਵੰਡੇ “ਖੁਸ਼ਹਾਲੀ ਦੇ ਛੋਟੇ ਪੈਕਟ”

  • ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਗਰੀਬ ਪਰਿਵਾਰਾਂ ਨੂੰ ਵੰਡੇ ਕੰਬਲ, ਭੋਜਨ ਅਤੇ ਸਰਦੀਆਂ ਦੀਆਂ ਜ਼ਰੂਰੀ ਵਸਤਾਂ ਵਾਲੇ ਪੈਕੇਟ

ਚੰਡੀਗੜ੍ਹ, 13 ਜਨਵਰੀ 2021 – ਸਰਦੀ ਦੇ ਇਸ ਠੰਢੇ ਮੌਸਮ ਵਿੱਚ ਗਰੀਬ ਪਰਿਵਾਰਾਂ ਨੂੰ ਨਿੱਘ ਅਤੇ ਹੌਂਸਲਾ ਦੇਣ ਲਈ ਦਿਲ ਨੂੰ ਛੂਹ ਲੈਣ ਵਾਲੀ ਪਹਿਲਕਦਮੀ ਕਰਦਿਆਂ ਅੱਜ ਪੰਜਾਬ ਪੁਲਿਸ ਦੇ ਸਾਂਝ ਆਊਟਰੀਚ ਕਮਿਊਨਿਟੀ ਵਿੰਗ ਵਲੋਂ ਪ੍ਰਾਜੈਕਟ ਵਿੰਟਰ ਵਾਰਮਥ ਦੀ ਸ਼ੁਰੂਆਤ ਕੀਤੀ ਗਈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਇਸ ਪ੍ਰਾਜੈਕਟ ਦਾ ਉਦਘਾਟਨ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਆਯੋਜਿਤ ਇੱਕ ਸੰਖੇਪ ਪ੍ਰੋਗਰਾਮ ਦੌਰਾਨ ਗਰੀਬ ਪਰਿਵਾਰਾਂ ਨੂੰ “ਖੁਸ਼ਹਾਲੀ ਦੇ ਛੋਟੇ ਪੈਕੇਟ” ਵੰਡ ਕੇ ਕੀਤਾ। ਇਹਨਾਂ ਪੈਕੇਟਾਂ ਵਿੱਚ ਸਰਦੀਆਂ ਲਈ ਜ਼ਰੂਰੀ ਵਸਤਾਂ ਜਿਵੇਂ ਕਿ ਕੰਬਲ, ਭੋਜਨ ਅਤੇ ਹੋਰ ਚੀਜ਼ਾਂ ਸ਼ਾਮਲ ਹਨ।

ਲੋਹੜੀ ਦੇ ਤਿਉਹਾਰ ਮੌਕੇ ਨਿੱਘੀ ਵਧਾਈ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, ‘ਲੰਘਿਆ ਸਾਲ ਬਹੁਤ ਮੁਸ਼ਕਲਾਂ ਭਰਿਆ ਰਿਹਾ। ਪੰਜਾਬ ਪੁਲਿਸ ਦੇ ਬਹਾਦਰ ਅਫਸਰਾਂ ਨੇ ਸੂਬੇ ਦੇ ਨਾਗਰਿਕਾਂ ਦੀ ਸਹਾਇਤਾ ਲਈ ਪੁਰਜ਼ੋਰ ਯਤਨ ਕੀਤੇ। ਸਾਡੀ ਸਾਂਝ ਯੂਨਿਟ ਮਹਾਂਮਾਰੀ ਦੌਰਾਨ ਪਰਿਵਾਰਾਂ, ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਮਦਦ ਕਰਨ ਦੇ ਮਾਮਲੇ ਵਿੱਚ ਮੋਹਰੀ ਰਹੀ ਅਤੇ ਹੁਣ ਵਿੰਟਰ ਵਾਰਮਥ ਪ੍ਰਾਜੈਕਟ ਜ਼ਰੀਏ ਇਸ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ।

ਪ੍ਰੋਜੈਕਟ ਵਿੰਟਰ ਵਾਰਮਥ ਸਾਂਝ ਯੂਨਿਟ ਦੀ ਇੱਕ ਪਹਿਲਕਦਮੀ ਹੈ ਜਿਸ ਨੂੰ ਗਰੀਬ ਲੋਕਾਂ ਤੱਕ ਪਹੁੰਚ ਬਣਾਉਣ ਲਈ ਪੰਜਾਬ ਕਾਰਪੋਰੇਟ ਸ਼ੋਸ਼ਲ ਰਿਸਪਾਂਸਬਿਲਟੀ (ਸੀਐਸਆਰ) ਅਥਾਰਟੀ ਵਲੋਂ ਸਹਾਇਤਾ ਦਿੱਤੀ ਗਈ ਹੈ। ਬਹੁਤ ਸਾਰੇ ਪ੍ਰਮੁੱਖ ਕਾਰਪੋਰੇਟਸ ਜਿਵੇਂ ਕਿ ਨੈਸਲੇ, ਮਿਸਿਜ਼ ਬੈਕਟਰਸ ਕ੍ਰੀਮਿਕਾ, ਵਰਧਮਾਨ ਸਪੈਸ਼ਲ ਸਟੀਲਸ ਆਦਿ ਇਸ ਨੇਕ ਉਪਰਾਲੇ ਵਿਚ ਸਹਾਇਤਾ ਲਈ ਅੱਗੇ ਆਏ ਅਤੇ ਇਸ ਪ੍ਰਾਜੈਕਟ ਵਿਚ ਖੁੱਲ੍ਹ ਕੇ ਯੋਗਦਾਨ ਪਾਇਆ ਹੈ।

ਸ਼ੁਰੂਆਤੀ ਵੰਡ ਸਮਾਰੋਹ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਜਦਕਿ ਸਾਂਝ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵਲੋਂ ਲੁਧਿਆਣਾ, ਕਪੂਰਥਲਾ ਅਤੇ ਹੋਰ ਜ਼ਿਲ੍ਹਿਆਂ ਵਿਚ ਵੀ ਇਹ “ਖੁਸ਼ਹਾਲੀ ਦੇ ਛੋਟੇ ਪੈਕੇਟ” ਵੰਡੇ ਜਾ ਰਹੇ ਹਨ। ਪਹਿਲੇ ਪੜਾਅ ਦੌਰਾਨ ਸੂਬੇ ਭਰ ਵਿੱਚ 11000 ਦੇ ਕਰੀਬ ਪੈਕਟ ਵੰਡੇ ਜਾਣਗੇ।

ਅਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਕਮਿਊਨਿਟੀ ਅਫੇਅਰਜ਼ ਡਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਕਿਹਾ, “ਪ੍ਰੋਜੈਕਟ ਵਿੰਟਰ ਵਾਰਮਥ ਸਾਂਝ ਦੀ ਇੱਕ ਛੋਟੀ ਜਿਹੀ ਸ਼ੁਰੂਆਤ ਹੈ ਪਰ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਇਸ ਪਹਿਲਕਦਮੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਸਾਂਝ ਯੂਨਿਟ ਕਮਿਊਨਿਟੀ ਸੇਵਾਵਾਂ ‘ਤੇ ਕੇਂਦ੍ਰਤ ਹੈ ਅਤੇ ਪ੍ਰੋਜੈਕਟ ਵਿੰਟਰ ਵਾਰਮਥ ਉਹਨਾਂ ਪਰਿਵਾਰਾਂ ਨਾਲ ਨੇੜਲਾ ਸਬੰਧ ਬਣਾਉਣ ਵਿਚ ਮਦਦ ਕਰੇਗਾ ਜਿਹਨਾਂ ਦੀ ਅਸੀਂ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ।”

ਪੰਜਾਬ ਸੀਐਸਆਰ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡਾ. ਸੰਦੀਪ ਗੋਇਲ ਨੇ ਪੰਜਾਬ ਦੇ ਸਾਰੇ ਕਾਰਪੋਰੇਟਸ ਖਾਸਕਰ ਨੈਸਲੇ, ਮਿਸਿਜ਼ ਬੈਕਟਰਸ ਕ੍ਰੀਮਿਕਾ, ਵਰਧਮਾਨ ਸਪੈਸ਼ਲ ਸਟੀਲਸ ਵਲੋਂ ਪ੍ਰੋਜੈਕਟ ਵਿੰਟਰ ਵਾਰਮਥ ਵਿੱਚ ਉਨ੍ਹਾਂ ਦੀ ਨਿਰੰਤਰ ਸਹਾਇਤਾ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੁਝ ਹੋਰ ਕਾਰਪੋਰੇਟਾਂ ਨੇ ਗੁਪਤ ਰੂਪ ਵਿਚ ਆਪਣੇ ਸੀਐਸਆਰ ਫੰਡਾਂ ਰਾਹੀਂ ਯੋਗਦਾਨ ਪਾਇਆ ਹੈ।

ਜ਼ਿਕਰਯੋਗ ਹੈ ਕਿ ਇਸ ਦੌਰਾਨ ਡੀਜੀਪੀ ਦਿਨਕਰ ਗੁਪਤਾ ਵਲੋਂ ਪ੍ਰੋਜੈਕਟ ਵਿੰਟਰ ਵਾਰਮਥ ਵਿੱਚ ਯੋਗਦਾਨ ਪਾਉਣ ਵਾਲੇ ਕਾਰਪੋਰੇਟਾਂ ਨੂੰ ਪ੍ਰਸ਼ੰਸਾ ਪੱਤਰ ਵੀ ਸੌਂਪੇ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਖ਼ਰ ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਮਿਲੀ ਜ਼ਮਾਨਤ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 14 ਜਨਵਰੀ ਦੀ ਛੁੱਟੀ ਦਾ ਐਲਾਨ