- 28 ਤੋਂ 31 ਮਾਰਚ 2023 ਤੱਕ ਕਰ ਸਕਣਗੇ ਅਪਲਾਈ
- 2019, 2021 ਅਤੇ 2022 ਦੌਰਾਨ ਤਕਨੀਕੀ ਤੌਰ ਤੇ ਲਾਗੂ ਨਾਂ ਹੋਣ ਵਾਲੀਆਂ ਬਦਲੀਆਂ ਨੂੰ ਰੱਦ ਕਰਵਾਉਣ ਦਾ ਵੀ ਦਿੱਤਾ ਮੌਕਾ: ਸਿੱਖਿਆ ਮੰਤਰੀ
ਚੰਡੀਗੜ੍ਹ, 29 ਮਾਰਚ 2023 – ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਤੋਂ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਅਪਲਾਈ ਪੋਰਟਲ ਖੋਲ੍ਹ ਦਿੱਤਾ ਹੈ। ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬਦਲੀ ਕਰਵਾਉਣ ਦੇ ਇੱਛੁਕ ਅਧਿਆਪਕ 28 ਤੋਂ 31 ਮਾਰਚ 2023 ਤੱਕ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਬੈਂਸ ਨੇ ਦੱਸਿਆ ਕਿ ਇਹ ਬਦਲੀਆਂ 2019 ਦੀ ਟੀਚਰ ਟਰਾਂਸਫਰ ਪਾਲਿਸੀ ਅਤੇ 2020 ਦੀ ਸੋਧੀ ਹੋਈ ਪਾਲਿਸੀ ਅਨੁਸਾਰ ਹੋਣਗੀਆਂ। ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬਦਲੀਆਂ ਕੇਵਲ ਆਨਲਾਈਨ ਹੀ ਵਿਚਾਰੀਆਂ ਜਾਣਗੀਆਂ ਜਦਕਿ ਆਫਲਾਈਨ ਵਿਧੀ ਰਾਹੀਂ ਪ੍ਰਾਪਤ ਪ੍ਰਤੀ ਬੇਨਤੀਆਂ ਨਹੀਂ ਵਿਚਾਰੀਆ ਜਾਣਗੀਆਂ।
ਇਸੇ ਤਰਾਂ ਦਰਖਾਸਤ ਕਰਤਾ ਅਧਿਆਪਕ/ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਜਿਨ੍ਹਾਂ ਦੇ ਵੇਰਵੇ ਸਹੀ ਪਾਏ ਜਾਣਗੇ ਉਹਨਾਂ ਤੋਂ ਹੀ ਬਦਲੀ ਲਈ ਸਟੇਸ਼ਨ ਚੁਆਇਸ ਲਈ ਜਾਵੇਗੀ।
ਸਿੱਖਿਆ ਮੰਤਰੀ ਬੈਂਸ ਨੇ ਇਹ ਵੀ ਦੱਸਿਆ ਕਿ ਸਾਲ 2019, 2021 ਅਤੇ 2022 ਦੌਰਾਨ ਤਕਨੀਕੀ ਤੌਰ ਤੇ ਲਾਗੂ ਨਾਂ ਹੋਣ ਵਾਲੀਆਂ ਬਦਲੀਆਂ ਨੂੰ ਰੱਦ ਕਰਵਾਉਣ ਦਾ ਵੀ ਦਿੱਤਾ ਮੌਕਾ ਦਿੱਤਾ ਗਿਆ ਹੈ।