ਚੰਡੀਗੜ੍ਹ, 13 ਮਾਰਚ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਕੈਬਨਟ ਦੀ ਇੱਕ ਵੱਡੀ ਮੀਟਿੰਗ ਚੰਡੀਗੜ੍ਹ ਸਥਿਤ ਸੀਐਮ ਦੀ ਰਿਹਾਇਸ਼ ਵਿਖੇ ਹੋਈ, ਜਿਸ ਵਿੱਚ ਵੱਡੇ ਪੱਧਰ ਤੇ ਫੈਸਲੇ ਲਏ ਗਏ ਹਨ। ਪੰਜਾਬ ਕੈਬਨਿਟ ਨੇ ਜਿੱਥੇ ਨਵੇਂ ਸਕੂਲ ਖੋਲਣ ਨੂੰ ਪ੍ਰਵਾਨਗੀ ਦਿੱਤੀ ਹੈ, ਉਥੇ ਹੀ ਦੂਜੇ ਪਾਸੇ ਬਜਟ ਸੈਸ਼ਨ ਬੁਲਾਉਣ ਦੀਆਂ ਵੀ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਨੇ ਸੂਬੇ ਦੇ ਅੰਦਰ 40 ਤਕਨੀਕੀ ਹੁਨਰ ਸਿੱਖਿਆ ਸਕੂਲਾਂ ਨੂੰ ਖੋਲਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਐਜੂਕੇਸ਼ਨ ਵਿੱਚ ਵੱਡੇ ਸੁਧਾਰ ਕੀਤੇ ਹਨ ਅਤੇ ਇਨਕਲਾਬੀ ਕਦਮ ਪੁੱਟਦਿਆਂ ਹੋਇਆਂ ਇਹ ਫੈਸਲਾ ਲਿਆ ਗਿਆ ਹੈ ਕਿ ਸੂਬੇ ਵਿੱਚ ਤਕਨੀਕੀ ਸਿਖਲਾਈ ਦੇਣ ਲਈ 40 ਹੋਰ ਸਿੱਖਿਆ ਹੁਨਰ ਸਕੂਲਾਂ ਦੀ ਸਥਾਪਨਾ ਕੀਤੀ ਜਾਵੇਗੀ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਵਾਰ ਬਜਟ ਸੈਸ਼ਨ 21 ਮਾਰਚ ਤੋਂ 28 ਮਾਰਚ ਤੱਕ ਬੁਲਾਇਆ ਗਿਆ ਹੈ। ਇਸ ਦੇ ਵਿੱਚ ਪਹਿਲਾਂ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਸੰਬੋਧਨ ਕਰਨਗੇ, ਉਸ ਤੋਂ ਬਾਅਦ ਉਹਨਾਂ ਦੇ ਭਾਸ਼ਣ ਤੇ ਬਹਿਸ ਹੋਵੇਗੀ ਅਤੇ ਇਸ ਦੇ ਬਾਅਦ ਆਮ ਬਜਟ 2025-2026 ਲਈ ਪੇਸ਼ ਕੀਤਾ ਜਾਵੇਗਾ।

ਹਰਪਾਲ ਚੀਮਾ ਨੇ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ‘ਇੰਗਲਿਸ਼ ਫਾਰ ਵਰਕ ਕੋਰਸ’ ਜਿਹੜਾ ਪਹਿਲਾਂ ਸੂਬੇ ਦੇ ਅੰਦਰ ਚੱਲ ਰਿਹਾ ਹੈ, ਉਸ ਵਿੱਚ ਸਰਕਾਰ ਨੇ ਹੁਣ ਨਵੀਂ ਸੋਧ ਕੀਤੀ ਹੈ। ਇਸ ਕੋਰਸ ਨੂੰ ਕਰਵਾਉਣ ਵਾਸਤੇ ਬ੍ਰਿਟਿਸ਼ ਕੌਂਸਲ ਐਜੂਕੇਸ਼ਨ ਇੰਡੀਆ ਦੇ ਨਾਲ ਜਿਹੜਾ ਸਮਝੌਤਾ ਪਹਿਲਾਂ ਸੀ, ਉਸ ਨੂੰ ਅੱਗੇ ਦੋ ਸਾਲਾਂ ਲਈ ਹੋਰ ਵਧਾ ਦਿੱਤਾ ਗਿਆ ਹੈ।
