ਚੰਡੀਗੜ੍ਹ, 12 ਨਵੰਬਰ 2024 – ਪੰਜਾਬ ਵਿਜ਼ਨ 2047 ਨੂੰ ਲੈ ਕੇ ਚੰਡੀਗੜ੍ਹ ਵਿਖੇ ਦੋ ਰੋਜ਼ਾ ਬ੍ਰੇਨਸਟਾਰਮਿੰਗ ਸੈਸ਼ਨ ਹੋਵੇਗਾ। ਇਸ ਦੌਰਾਨ ਪੰਜਾਬ ਦੀ ਖੇਤੀ, ਉਦਯੋਗ, ਆਰਥਿਕ ਸਥਿਤੀ, ਸੁਰੱਖਿਆ ਅਤੇ ਨਸ਼ਿਆਂ ਦੇ ਮੁੱਦਿਆਂ ‘ਤੇ ਰਣਨੀਤੀ ਬਣਾਈ ਜਾਵੇਗੀ। ਇਹ ਪ੍ਰੋਗਰਾਮ ਵਿਸ਼ਵ ਪੰਜਾਬੀ ਸੰਸਥਾ, ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਵਿਕਾਸ ਕਮਿਸ਼ਨ ਵੱਲੋਂ ਪੰਜਾਬ ਵਿਜ਼ਨ 2047 ਦੇ ਬੈਨਰ ਹੇਠ ਪੰਜਾਬ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰ, ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਇੱਕ ਮੰਚ ‘ਤੇ ਆ ਕੇ ਆਪਣੇ ਵਿਚਾਰ ਪੇਸ਼ ਕਰਨਗੇ। ਨਾਲ ਹੀ ਇਸ ਦੌਰਾਨ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ, ਉਨ੍ਹਾਂ ਨੂੰ ਸਰਕਾਰ ਦੇ ਸਾਹਮਣੇ ਰੱਖਿਆ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਯੂਨੀਵਰਸਿਟੀ ਦੀ ਚਾਂਸਲਰ ਰੇਣੂ ਵਿੱਗ ਮੌਜੂਦ ਰਹਿਣਗੇ। ਰਾਜ ਸਭਾ ਮੈਂਬਰ ਵਿਕਰਮ ਸਾਹਨੀ ਪ੍ਰੋਗਰਾਮ ਦੇ ਵਿਸ਼ੇ ‘ਤੇ ਆਪਣੀ ਰਾਏ ਦੇਣਗੇ। ਇਸ ਪ੍ਰੋਗਰਾਮ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰੋਗਰਾਮ ਦੇ ਪਹਿਲੇ ਦਿਨ 3 ਸੈਸ਼ਨ ਹੋਣਗੇ। ਜਿਸ ਵਿੱਚ ਕਈ ਨਾਮਵਰ ਹਸਤੀਆਂ ਸ਼ਾਮਿਲ ਹੋਣਗੀਆਂ। ਇਸ ਵਿੱਚ ਯੂਨੀਵਰਸਿਟੀ ਦੇ ਨੌਜਵਾਨ ਵੀ ਭਾਗ ਲੈਣਗੇ।
ਪ੍ਰੋਗਰਾਮ ਦੇ ਪਹਿਲੇ ਦਿਨ ਸ਼ਾਸਨ ਦੀਆਂ ਚੁਣੌਤੀਆਂ, ਖੇਤੀਬਾੜੀ ਸੁਧਾਰਾਂ ਅਤੇ ਉਦਯੋਗਿਕ ਵਿਕਾਸ ਵਰਗੇ ਮੁੱਖ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਦੌਰਾਨ ਹੋਣ ਵਾਲੇ ਇਜਲਾਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ, ਬਲਜੀਤ ਕੌਰ, ਗੁਰਮੀਤ ਸਿੰਘ, ਹਰਭਜਨ ਸਿੰਘ ਈ.ਟੀ.ਓ ਅਤੇ ਤਰੁਣ ਪ੍ਰੀਤ ਸਿੰਘ ਸੌਂਦ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਡੀਜੀਪੀ ਗੌਰਵ ਯਾਦਵ, ਤੇਜਵੀਰ ਸਿੰਘ ਅਤੇ ਅਜੇ ਸਿਨਹਾ ਸਮੇਤ ਸੀਨੀਅਰ ਸਰਕਾਰੀ ਅਧਿਕਾਰੀ ਪੈਨਲਿਸਟ ਵਜੋਂ ਹਿੱਸਾ ਲੈਣਗੇ। ਇਸ ਤੋਂ ਇਲਾਵਾ ਦਵਿੰਦਰ ਸ਼ਰਮਾ ਅਤੇ ਰਮੇਸ਼ ਇੰਦਰ ਸਿੰਘ ਵਰਗੇ ਸਮਾਜ ਸੇਵੀ ਅਤੇ ਅੰਮ੍ਰਿਤ ਸਾਗਰ ਮਿੱਤਲ, ਰਜਿੰਦਰ ਗੁਪਤਾ ਅਤੇ ਪੀਜੇ ਸਿੰਘ ਵਰਗੇ ਉਦਯੋਗਪਤੀ ਵੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।