ਮਾਨ ਸਰਕਾਰ ਨੇ ਰੰਗਲਾ ਪੰਜਾਬ ਸਿਰਜਣ ਲਈ ਪੰਜਾਬ ਵਿਜ਼ਨ ਡਾਕੂਮੈਂਟ ਕੀਤਾ ਤਿਆਰ : ਹਰਪਾਲ ਚੀਮਾ

  • ਟੈਕਸ ਚੋਰੀ ਨੂੰ ਰੋਕ ਕੇ ਕਰੀਬ 5 ਹਜ਼ਾਰ ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਵਧਿਆ, ਮੌਜੂਦਾ ਵਿੱਤੀ ਸਾਲ ਦੌਰਾਨ 10 ਹਜ਼ਾਰ ਕਰੋੜ ਵਾਧੇ ਦਾ ਟੀਚਾ : ਵਿੱਤ ਮੰਤਰੀ
  • ਕਿਹਾ, ਪੰਜਾਬ ‘ਚ ਕਰਵਾਏ ਨਿਵੇਸ਼ ਸੰਮੇਲਨ ਦੌਰਾਨ 52 ਹਜ਼ਾਰ ਕਰੋੜ ਰੁਪਏ ਦਾ ਆਇਆ ਨਿਵੇਸ਼
  • ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ‘ਜੀ 20 ਯੂਨੀਵਰਸਿਟੀ ਕੰਨੇਕਟ’ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਨਾਲ ਹੋਏ ਰੂਬਰੂ

ਪਟਿਆਲਾ, 23 ਅਗਸਤ 2023 – ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੂੰ ਮੁੜ ਤੋਂ ਲੀਹਾਂ ‘ਤੇ ਲਿਆਕੇ ਰੰਗਲਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸੂਬੇ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਪੂਰੀ ਰਣਨੀਤੀ ਬਣਾਈ ਗਈ ਹੈ। ਇਹ ਪ੍ਰਗਟਾਵਾ ਉਨ੍ਹਾਂ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ‘ਜੀ-20 ਯੂਨੀਵਰਸਿਟੀ ਕੰਨੇਕਟ’ ਪ੍ਰੋਗਰਾਮ ‘ਚ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਕੀਤਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਪੰਜਾਬ ਦੀ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ‘ਤੇ ਬਿਨਾਂ ਕੋਈ ਵਾਧੂ ਟੈਕਸ ਦਾ ਬੋਝ ਪਾਏ ਸਿਰਫ਼ ਟੈਕਸ ਚੋਰੀ ਨੂੰ ਰੋਕ ਕੇ ਪਿਛਲੇ ਵਿੱਤੀ ਸਾਲ ‘ਚ ਜੀ.ਐਸ.ਟੀ. ਵਿੱਚ ਕਰੀਬ 5 ਹਜ਼ਾਰ ਕਰੋੜ ਦਾ ਵਾਧਾ ਕੀਤਾ ਸੀ ਤੇ ਇਸ ਵਿੱਤੀ ਸਾਲ ਹੋਰ 5 ਹਜ਼ਾਰ ਕਰੋੜ ਵਸੂਲਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਨਾਲ ਜੀ.ਐਸ.ਟੀ. ਕੁਲੈਕਸ਼ਨ ਸਾਲ 2023-24 ਦੌਰਾਨ ਕਰੀਬ 21 ਹਜ਼ਾਰ ਕਰੋੜ ਰੁਪਏ ਹੋਵੇਗਾ, ਜੋ ਕਿ ਸਾਲ 2022 ਵਿੱਚ 11,808 ਕਰੋੜ ਰੁਪਏ ਸੀ।

ਇਸ ਮੌਕੇ ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਵੱਲੋਂ ਖ਼ਜ਼ਾਨਾ ਖ਼ਾਲੀ ਦਾ ਤਾਂ ਰੌਲਾ ਪਾਇਆ ਗਿਆ, ਪਰ ਖ਼ਜ਼ਾਨੇ ਨੂੰ ਭਰਨ ਲਈ ਕੋਈ ਉਸਾਰੂ ਕੰਮ ਨਾ ਕਰਨ ਕਰਕੇ ਪੰਜਾਬ ਨੂੰ ਕਾਫ਼ੀ ਵੱਡਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਸਾਲ 2022 ਵਿੱਚ ਪੰਜਾਬ ਦੀ ਜੀ.ਐਸ.ਟੀ ਵਸੂਲੀ 11,808 ਕਰੋੜ ਸੀ, ਜੋ 2023 ਵਿੱਚ 16,200 ਕਰੋੜ ਹੋ ਗਈ ਤੇ ਇਸ ਵਿੱਤੀ ਸਾਲ ਦੌਰਾਨ ਜੀ.ਐਸ.ਟੀ ਵਸੂਲੀ ਦਾ ਟੀਚਾ 20,509 ਕਰੋੜ ਰੱਖਿਆ ਗਿਆ ਹੈ, ਜਿਸ ਨੂੰ 21 ਹਜ਼ਾਰ ਕਰੋੜ ਰੁਪਏ ਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੈਕਸ ਚੋਰੀ ਰੋਕਣ ਲਈ ਪੰਜਾਬ ਸਰਕਾਰ ਨੇ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ‘ਮੇਰਾ ਬਿੱਲ’ ਐਪ ਦੀ ਵੀ ਸ਼ੁਰੂਆਤ ਕੀਤੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਰਥ ਵਿਵਸਥਾ ਵਿੱਚ ਸੁਧਾਰ ਲਈ ਕੰਮ ਕਰ ਰਹੀ ਹੈ। ਉਨ੍ਹਾ ਕਿਹਾ ਕਿ ਜੇਕਰ ਇਹ ਕੰਮ ਪੰਜ ਸਾਲ ਪਹਿਲਾਂ ਹੋਏ ਹੁੰਦੇ ਤਾਂ ਅੱਜ ਪੰਜਾਬ ਲੀਹਾਂ ‘ਤੇ ਹੁੰਦਾ। ਉਨ੍ਹਾਂ ਕਿਹਾ ਕਿ ਜੋ ਵਿੱਤੀ ਬੇਨਿਯਮੀਆਂ ਤੇ ਬੇਸਮਝੀਆਂ ਪਿਛਲੀਆਂ ਸਰਕਾਰ ਦੌਰਾਨ ਹੋਈਆਂ ਹਨ, ਉਨ੍ਹਾਂ ਦਾ ਖਮਿਆਜ਼ਾ ਸੂਬੇ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਸਾਜ਼ਗਾਰ ਮਾਹੌਲ ਹੋਣ ਸਦਕਾ ਪੰਜਾਬ ਨਿਵੇਸ਼ ਸੰਮੇਲਨ ਦੌਰਾਨ 52 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ।

ਇਸ ਮੌਕੇ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਆਰਥਿਕ ਸੰਕਟ ‘ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਗਰਾਂਟ 9.50 ਕਰੋੜ ਰੁਪਏ ਤੋਂ ਵਧਾ ਕੇ 30 ਕਰੋੜ ਰੁਪਏ ਕਰ ਦਿੱਤੀ ਹੈ, ਜਿਸ ਸਦਕਾ ਮੁਲਾਜ਼ਮਾਂ ਨੂੰ ਤਨਖਾਹ ਸਮੇਂ ਸਿਰ ਮਿਲਣ ਲੱਗੀ ਹੈ। ਉਨ੍ਹਾਂ ਕਿਹਾ ਪੰਜਾਬੀ ਯੂਨੀਵਰਸਿਟੀ ਜੋ ਮਾਲਵੇ ਖੇਤਰ ਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਦੀ ਹੈ, ਨੂੰ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰੋਗਰਾਮ ਦੌਰਾਨ ਉਨ੍ਹਾਂ ਸੁਣਨ ਤੇ ਬੋਲਣ ਤੋਂ ਅਸਮਰੱਥ ਵਿਦਿਆਰਥੀਆਂ ਲਈ ਕੀਤੇ ਗਏ ਪ੍ਰਬੰਧ ਦੀ ਵਿਸ਼ੇਸ਼ ਤੌਰ ‘ਤੇ ਸਰਾਹਨਾ ਕੀਤੀ।

‘ਜੀ-20 ਯੂਨੀਵਰਸਿਟੀ ਕੰਨੇਕਟ’ ਪ੍ਰੋਗਰਾਮ ਦੌਰਾਨ ਅੰਬੈਸਡਰ ਨਵਦੀਪ ਸੂਰੀ ਨੇ ‘ਦਾ ਰਾਈਜ਼ ਆਫ਼ ਇੰਡੀਆ ਇਨ ਗਲੋਬਲ ਸਟੇਜ਼’ ਵਿਸ਼ੇ ‘ਤੇ ਗੱਲ ਕਰਦਿਆਂ ਕਿਹਾ ਕਿ ਭਾਰਤ ਨੇ ਵਿਦੇਸ਼ ਨੀਤੀ ‘ਤੇ ਕੰਮ ਕਰਦਿਆਂ ਸੰਸਾਰ ਪੱਧਰ ‘ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਜਿਸ ਸਦਕਾ ਵਿਕਸਤ ਦੇਸ਼ਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਹੋਏ ਹਨ। ਇਸ ਮੌਕੇ ਪ੍ਰੋ. ਰਣਜੀਤ ਸਿੰਘ ਘੁੰਮਣ ਤੇ ਰਾਹੁਲ ਰੰਜਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਗਰਾਂਟ ਸਦਕਾ ਯੂਨੀਵਰਸਿਟੀ ਫੇਰ ਤੋਂ ਪੈਰਾ ਸਿਰ ਹੋ ਰਹੀ ਹੈ ਤੇ ਇਸ ਸਾਲ ਯੂਨੀਵਰਸਿਟੀ ਦੇ ਦਾਖਲਿਆਂ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਿਦਿਅਕ ਅਦਾਰਿਆਂ ਦੀ ਮਹੱਤਤਾ ਨੂੰ ਸਮਝਦੇ ਹਨ ਅਤੇ ਅਦਾਰਿਆਂ ਨੂੰ ਪਹਿਲ ਦੇ ਆਧਾਰ ‘ਤੇ ਫ਼ੰਡ ਜਾਰੀ ਕਰ ਰਹੇ ਹਨ। ਇਸ ਮੌਕੇ ਪ੍ਰੋਗਰਾਮ ਦੇ ਕਨਵੀਨਰ ਪ੍ਰੋ. ਅਨੂਪਮਾ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਆਰ.ਆਈ.ਐਸ. ਵੱਲੋਂ ਕਰਵਾਏ ਜਾ ਰਹੇ ‘ਜੀ-20 ਯੂਨੀਵਰਸਿਟੀ ਕੰਨੇਕਟ’ ਪ੍ਰੋਗਰਾਮ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ, ਐਸ.ਡੀ.ਐਮ. ਇਸਮਿਤ ਵਿਜੈ ਸਿੰਘ, ਡੀਨ ਅਕਾਦਮਿਕ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡਾ. ਬਲਜੀਤ ਕੌਰ ਵੱਲੋਂ ਸੀਨੀਅਰ ਸਿਟੀਜ਼ਨ ਐਕਟ ਸਬੰਧੀ ਬਣੀ ਲਘੂ ਫਿਲਮ ਅਤੇ ਪੋਸਟਰ ਜਾਰੀ

ਡੀਜ਼ਲ ਚੋਰੀ ਕਰਨ ਵਾਲੇ ਡਰਾਈਵਰ ਸਣੇ ਸਵਾਰੀਆਂ ਤੋਂ ਪੈਸੇ ਲੈ ਕੇ ਟਿਕਟਾਂ ਨਾ ਦੇਣ ਵਾਲਾ ਕੰਡਕਟਰ ਫੜਿਆ