ਮੋਹਾਲੀ, 16 ਨਵੰਬਰ 2024 – ਮੋਹਾਲੀ ਦੇ ਪਿੰਡ ਕੁੰਭੜਾ ‘ਚ ਬੁੱਧਵਾਰ ਨੂੰ ਪਰਵਾਸੀ ਨੌਜਵਾਨਾਂ ਵੱਲੋਂ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ‘ਚ ਇਕ ਹੋਰ ਮੁੰਡਾ ਵੀ ਗੰਭੀਰ ਰੂਪ ‘ਚ ਜ਼ਖਮੀ ਹੋਇਆ ਹੈ। ਘਟਨਾ ਤੋਂ ਬਾਅਦ ਪਿੰਡ ਕੁੰਭੜਾ ਦੇ ਵਾਸੀਆਂ ਨੇ ਫ਼ੈਸਲਾ ਕੀਤਾ ਹੈ ਕਿ ਪਿੰਡ ਦੇ ਸਾਰੇ ਪਰਵਾਸੀ ਜਿਹੜੇ ਪੀ. ਜੀ. ਜਾਂ ਕਿਰਾਏ ‘ਤੇ ਰਹਿੰਦੇ ਹਨ, ਉਨ੍ਹਾਂ ਦੀਆਂ ਵੋਟਾਂ ਇੱਥੇ ਦੀਆਂ ਨਹੀਂ ਬਣਨੀਆਂ ਚਾਹੀਦੀਆਂ। ਨਾਲ ਹੀ, ਉਨ੍ਹਾਂ ਦੇ ਆਧਾਰ ਕਾਰਡਾਂ ‘ਤੇ ਪਤਾ ਵੀ ਨਾਂ ਬਦਲਿਆ ਜਾਵੇ।
ਪਿੰਡ ਵਾਸੀਆਂ ਨੇ ਕਿਹਾ ਕਿ ਇਸ ਸਬੰਧੀ ਮੰਗ ਪੱਤਰ ਤਿਆਰ ਕਰਕੇ ਡੀ. ਸੀ. ਨੂੰ ਦਿੱਤਾ ਜਾਵੇਗਾ। ਮੰਗ ਪੱਤਰ ਵਿਚ ਲਿਖਿਆ ਗਿਆ ਕਿ ਪਿੰਡ ਵਿਚ ਜਿੰਨੇ ਵੀ ਪਰਵਾਸੀ ਰਹਿੰਦੇ ਹਨ, ਸਾਰਿਆਂ ਦੀ ਪੁਲਸ ਵੈਰੀਫਿਕੇਸ਼ਨ ਤੁਰੰਤ ਕੀਤੀ ਜਾਵੇ ਅਤੇ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਾਉਣ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਜਾਵੇ। ਪਿੰਡ ਕੁੰਭੜਾ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਲੋਕ ਇੱਥੇ ਆ ਕੇ ਪੰਜਾਬੀ ਲੋਕਾਂ ਦਾ ਕਤਲ ਕਰ ਕੇ ਆਸਾਨੀ ਨਾਲ ਭੱਜ ਜਾਂਦੇ ਹਨ। ਇਨ੍ਹਾਂ ਦਾ ਪਤਾ ਸਰਕਾਰੀ ਦਸਤਾਵੇਜ਼ਾਂ ‘ਤੇ ਇੱਥੇ ਦਾ ਹੁੰਦਾ ਹੈ, ਜਿਸ ਕਾਰਨ ਪੁਲਸ ਨੂੰ ਇਨ੍ਹਾਂ ਨੂੰ ਫੜ੍ਹਨ ‘ਚ ਪਰੇਸ਼ਾਨੀ ਹੁੰਦੀ ਹੈ। ਇਸ ਲਈ ਇਨ੍ਹਾਂ ਪਰਵਾਸੀਆਂ ਦੇ ਸਰਕਾਰੀ ਦਸਤਾਵੇਜ਼ਾਂ ’ਤੇ ਇਨ੍ਹਾਂ ਦੇ ਮੂਲ ਸਥਾਨ ਦਾ ਪਤਾ ਹੀ ਹੋਣਾ ਚਾਹੀਦਾ। ਇੱਥੇ ਜੇਕਰ ਇਹ ਲੋਕ ਰਹਿ ਰਹੇ ਹਨ ਤਾਂ ਇਨ੍ਹਾਂ ਦੇ ਵੋਟਰ ਕਾਰਡ ਨਾ ਬਣਾਏ ਜਾਣ ਅਤੇ ਨਾ ਹੀ ਨਵਾਂ ਆਧਾਰ ਕਾਰਡ ਬਣਨ ਅਤੇ ਪੁਰਾਣੇ ਆਧਾਰ ਕਾਰਡ ’ਤੇ ਵੀ ਪਤਾ ਨਹੀਂ ਬਦਲਿਆ ਜਾਣਾ ਚਾਹੀਦਾ।
ਦੱਸ ਦਈਏ ਕਿ ਬੀਤੇ ਬੁੱਧਵਾਰ ਪਿੰਡ ਕੁੰਭੜਾ ਵਿਖੇ ਪੰਜਾਬੀ ਮੁੰਡੇ ਦਮਨ (17) ਅਤੇ ਦਿਲਪ੍ਰੀਤ (16) ਮੋਟਰਸਾਈਕਲ ‘ਤੇ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਪਰਵਾਸੀ ਲੋਕਾਂ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਅਤੇ ਦੋਹਾਂ ਧਿਰਾਂ ਵਿਚਾਲੇ ਬਹਿਸਬਾਜ਼ੀ ਹੋ ਗਈ। ਪਰਵਾਸੀ ਪਹਿਲਾਂ ਤਾਂ ਉੱਥੋਂ ਚਲੇ ਗਏ ਪਰ ਬਾਅਦ ‘ਚ ਆਪਣੇ ਦੋਸਤਾਂ ਨੂੰ ਨਾਲ ਲਿਆ ਕੇ ਦਮਨ ਅਤੇ ਦਿਲਪ੍ਰੀਤ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਦਮਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦਿਲਪ੍ਰੀਤ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।