ਪਟਿਆਲਾ, 27 ਫਰਵਰੀ 2024 – ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਹ ਧਮਕੀ ਲੱਕੀ ਪਟਿਆਲ ਨਾਂ ਦੇ ਗੈਂਗਸਟਰ ਵਲੋਂ ਦਿੱਤੀ ਗਈ ਹੈ। ਬੰਟੀ ਬੈਂਸ ਮਿਊਜ਼ਿਕ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਉਹ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਕੰਪੋਜ਼ ਅਤੇ ਪ੍ਰੋਡਿਊਸ ਕਰਦਾ ਰਿਹਾ ਹੈ। ਉਹ ਸਿੱਧੂ ਮੂਸੇਵਾਲਾ ਦਾ ਮੈਨੇਜਰ ਵੀ ਸੀ। ਫਿਲਹਾਲ ਬੰਟੀ ਬੈਂਸ ਵੱਲੋਂ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਸੋਮਵਾਰ ਸ਼ਾਮ ਨੂੰ ਮੋਹਾਲੀ ਦੇ ਸੈਕਟਰ-79 ‘ਚ ਗੋਲੀਬਾਰੀ ਹੋਈ। ਬੰਟੀ ਇੱਥੇ ਇੱਕ ਰੈਸਟੋਰੈਂਟ ਵਿੱਚ ਸੀ। ਗੋਲੀਬਾਰੀ ਤੋਂ ਪਹਿਲਾਂ ਉਹ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ਲਾਈਵ ਹੋ ਗਿਆ ਸੀ ਅਤੇ, ਉਹ ਵੀ ਕੁਝ ਮਿੰਟ ਪਹਿਲਾਂ ਉਥੋਂ ਚਲਾ ਗਿਆ ਸੀ। ਇਸ ਤੋਂ ਬਾਅਦ ਕੁਝ ਲੋਕਾਂ ਨੇ ਰੈਸਟੋਰੈਂਟ ‘ਚ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਬੰਟੀ ਬੈਂਸ ਨੂੰ ਫੋਨ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ। ਫੋਨ ‘ਤੇ ਧਮਕੀ ਦੇਣ ਵਾਲਾ ਏ-ਕੈਟਾਗਰੀ ਦਾ ਗੈਂਗਸਟਰ ਲੱਕੀ ਪਟਿਆਲ ਦੱਸਿਆ ਜਾ ਰਿਹਾ ਹੈ। ਲੱਕੀ ਨੇ ਬੰਟੀ ਕੋਲੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।