- ਸਟੇਟ ਯੂਨੀਵਰਸਿਟੀਆਂ ਦੀ ਵੱਖਰੀ ਸੂਚੀ ਵਿੱਚ ਪਹਿਲੀਆਂ 100 ਯੂਨੀਵਰਸਿਟੀਆਂ ਵਿੱਚ ਹੋਈ ਸ਼ੁਮਾਰ
- ਕੌਮੀ ਪੱਧਰ ਦੀ ਅਕਾਦਮਿਕ ਦਰਜਾਬੰਦੀ ਵਿੱਚ ਉਤਾਂਹ ਉੱਠਣਾ ਸਾਨੂੰ ਸਾਕਾਰਾਤਮਕ ਊਰਜਾ ਪ੍ਰਦਾਨ ਕਰੇਗਾ: ਡਾ. ਜਗਦੀਪ ਸਿੰਘ
ਪਟਿਆਲਾ, 5 ਸਤੰਬਰ 2025 – ਪੰਜਾਬੀ ਯੂਨੀਵਰਸਿਟੀ ਅਕਾਦਮਿਕ ਖੇਤਰ ਵਿੱਚ ਇੱਕ ਹੋਰ ਮੱਲ ਮਾਰਦਿਆਂ ਭਾਰਤ ਸਰਕਾਰ ਦੇ ਮਨੁੱਖੀ ਸ਼ਰੋਤ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨਿਰਫ਼ ਰੈਂਕਿੰਗ(ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ) ਤਹਿਤ ਦੇਸ ਭਰ ਦੀਆਂ ਯੂਨੀਵਰਸਿਟੀਆਂ ਦੀ ਓਵਰਆਲ ਸੂਚੀ ਵਿੱਚ ਸਰਵੋਤਮ 200 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਈ ਹੈ। ਇਸ ਤੋਂ ਇਲਾਵਾ ਸਟੇਟ ਯੂਨੀਵਰਸਿਟੀਆਂ ਦੀ ਵੱਖਰੀ ਸੂਚੀ ਵਿੱਚ ਪੰਜਾਬੀ ਯੂਨੀਵਰਸਿਟੀ ਪਹਿਲੀਆਂ 100 ਯੂਨੀਵਰਸਿਟੀਆਂ ਵਿੱਚ ਸ਼ਾਮਿਲ ਹੋ ਗਈ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਹ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਨਾਮ 51 ਤੋਂ 100 ਵਾਲ਼ੀ ਸੂਚੀ ਵਿੱਚ ਸ਼ੁਮਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ਼ ਹੀ ਫਾਰਮੇਸੀ ਵਿਭਾਗਾਂ ਦੀ ਵੱਖਰੇ ਤੌਰ ਉੱਤੇ ਜਾਰੀ ਹੁੰਦੀ ਦਰਜਾਬੰਦੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਨੇ ਦੇਸ ਭਰ ਵਿੱਚੋਂ 59ਵਾਂ ਰੈੰਕ ਹਾਸਿਲ ਕੀਤਾ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਬਿਹਤਰ ਦਰਜਾਬੰਦੀ ਹਾਸਿਲ ਕਰਨ ਨਾਲ਼ ਜਿੱਥੇ ਅਦਾਰੇ ਦੇ ਵੱਕਾਰ ਅਤੇ ਇਸ ਨਾਲ਼ ਜੁੜੇ ਲੋਕਾਂ ਦੇ ਮਨੋਬਲ ਵਿੱਚ ਵਾਧਾ ਹੁੰਦਾ ਹੈ, ਓਥੇ ਹੀ ਚੰਗੀ ਰੈਂਕਿੰਗ ਦੀ ਬਦੌਲਤ ਯੂਨੀਵਰਸਿਟੀ ਵੱਖ-ਵੱਖ ਏਜੰਸੀਆਂ ਜਾਂ ਅਦਾਰਿਆਂ ਤੋਂ ਅਜਿਹੀ ਅਕਾਦਮਿਕ ਫੰਡਿੰਗ ਲਈ ਵੀ ਯੋਗ ਹੋ ਜਾਂਦੀ ਹੈ ਜੋ ਕਿ ਦੇਸ ਦੀਆਂ ਸਰਵੋਤਮ ਯੂਨੀਵਰਸਿਟੀਆਂ ਨੂੰ ਹੀ ਫੰਡਿੰਗ ਪ੍ਰਦਾਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਸਭ ਦਾ ਸਿਹਰਾ ਯੂਨੀਵਰਸਿਟੀ ਦੀਆਂ ਵੱਖ-ਵੱਖ ਫ਼ੈਕਲਟੀਆਂ ਦੇ ਅਧਿਆਪਕਾਂ, ਗ਼ੈਰ ਅਧਿਆਪਨ ਵਰਗ, ਵਿਦਿਆਰਥੀਆਂ, ਖੋਜਾਰਥੀਆਂ, ਅਧਿਕਾਰੀਆਂ, ਗਵਰਰਨਿੰਗ ਬੌਡੀਜ਼ ਨੂੰ ਦਿੰਦੇ ਹਨ ਜਿਨ੍ਹਾਂ ਦੇ ਸਮੂਹਿਕ ਯਤਨਾਂ ਸਦਕਾ ਅਜਿਹਾ ਸੰਭਵ ਹੋ ਸਕਿਆ ਹੈ। ਉਨ੍ਹਾਂ ਯੂਨੀਵਰਸਿਟੀ ਨੂੰ ਵੱਖ-ਵੱਖ ਖੋਜ ਕਾਰਜਾਂ ਲਈ ਫੰਡਿੰਗ ਮੁਹਈਆ ਕਰਵਾਉਣ ਵਾਲ਼ੇ ਭਾਰਤ ਸਰਕਾਰ ਦੇ ਵੱਖ-ਵੱਖ ਅਦਾਰਿਆਂ ਅਤੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਜਿਸ ਦੀ ਮਦਦ ਨਾਲ਼ ਚੱਲ ਰਹੇ ਗੁਣਵੱਤਾ ਸੰਪੰਨ ਖੋਜ ਪ੍ਰਾਜੈਕਟ ਇਸ ਵੱਕਾਰ ਨੂੰ ਹਾਸਿਲ ਕਰਨ ਵਿੱਚ ਮਦਦਗਾਰ ਸਾਬਿਤ ਹੋਏ ਹਨ।

ਉਨ੍ਹਾਂ ਕਿਹਾ ਕਿ ਇਸ ਕੌਮੀ ਪੱਧਰ ਦੀ ਅਕਾਦਮਿਕ ਦਰਜਾਬੰਦੀ ਵਿੱਚ ਉਤਾਂਹ ਵੱਲ ਨੂੰ ਉੱਠਣਾ ਸਾਨੂੰ ਸਭ ਨੂੰ ਇਕ ਸਾਕਾਰਾਤਮਕ ਊਰਜਾ ਪ੍ਰਦਾਨ ਕਰੇਗਾ ਜਿਸ ਨਾਲ਼ ਯੂਨੀਵਰਸਿਟੀ ਪਰਿਵਾਰ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਮੂਲ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਕਾਰਜ ਕਰਨਾ ਹੈ। ਯੂਨੀਵਰਸਿਟੀ ਵੱਲੋਂ ਇਸ ਦਿਸ਼ਾ ਵਿਚ ਕੀਤਾ ਗਿਆ ਕਾਰਜ ਸੰਸਾਰ ਭਰ ਵਿਚ ਜਾਣਿਆ ਜਾਂਦਾ ਹੈ। ਰਾਸ਼ਟਰ ਪੱਧਰੀ ਰੈਂਕਿੰਗ ਵਿਚ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਹਵਾਲੇ ਨਾਲ਼ ਹੋਏ ਅਜਿਹੇ ਕਾਰਜਾਂ ਨੇ ਵੀ ਢੁਕਵੀਂ ਭੂਮਿਕਾ ਨਿਭਾਈ ਹੈ ਜੋ ਕਿ ਮਾਣ ਵਾਲੀ ਗੱਲ ਹੈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਨਿਰਫ਼ ਦੀ ਰੈਂਕਿੰਗ ਵਿਚ ਉੱਪਰ ਆਉਣਾ ਆਪਣੇ ਆਪ ਵਿਚ ਇਕ ਅਹਿਮ ਪ੍ਰਾਪਤੀ ਹੈ। ਪੰਜਾਬੀ ਯੂਨੀਵਰਸਿਟੀ ਦੇ ਹਿੱਸੇ ਆਈ ਇਸ ਪ੍ਰਾਪਤੀ ਲਈ ਸਾਨੂੰ ਸਭ ਨੂੰ ਮਾਣ ਕਰਨਾ ਚਾਹੀਦਾ ਹੈ। ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚਲੇ ਵਿਸ਼ੇਸ਼ ਅਕਾਦਮਿਕ ਮਾਹੌਲ ਦਾ ਹੀ ਸਿੱਟਾ ਹੈ ਕਿ ਯੂਨੀਵਰਸਿਟੀ ਲਗਾਤਾਰ ਪ੍ਰਾਪਤੀਆਂ ਕਰ ਰਹੀ ਹੈ।
ਯੂਨੀਵਰਸਿਟੀ ਦਾ ਆਈ. ਕਿਊ.ਏ. ਸੈੱਲ, ਜੋ ਕਿ ਸਾਰੇ ਵਿਭਾਗਾਂ ਤੋਂ ਅੰਕੜੇ ਪ੍ਰਾਪਤ ਕਰ ਕੇ ਅਜਿਹੀਆਂ ਦਰਜਬੰਦੀਆਂ ਲਈ ਅੱਗੇ ਸਬੰਧਤ ਸੰਸਥਾਵਾਂ ਨੂੰ ਭੇਜਦਾ ਹੈ, ਦੇ ਡਾਇਰੈਕਟਰ ਪ੍ਰੋ. ਧਰਮਵੀਰ ਸ਼ਰਮਾ ਅਤੇ ਕੋਆਰਡੀਨੇਟਰ ਪ੍ਰੋ. ਉਮਰਾਓ ਸਿੰਘ ਨੇ ਖੁਸ਼ੀ ਪ੍ਰਗਟਾਉਂਦਿਆਂ ਯੂਨੀਵਰਸਿਟੀ ਦੇ ਸਮੂਹ ਵਿਭਾਗਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਸ ਸੰਬੰਧੀ ਸਮੇਂ ਸਿਰ ਅਤੇ ਉੱਚਿਤ ਤਰੀਕੇ ਨਾਲ਼ ਡਾਟਾ ਮੁਹਈਆ ਕਰਵਾਇਆ ਜਾਂਦਾ ਰਿਹਾ ਹੈ ਜਿਸ ਨਾਲ਼ ਹਰੇਕ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਠੀਕ ਢੰਗ ਨਾਲ਼ ਸੂਚੀਬੱਧ ਕਰ ਕੇ ਅੱਗੇ ਪੇਸ਼ ਕੀਤਾ ਜਾ ਸਕਿਆ।
