- ਹਾਦਸੇ ‘ਚ ਜ਼ਖਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ
ਕਾਦੀਆਂ 19 ਅਕਤੂਬਰ 2024 – ਪਿੰਡ ਕੋਟ ਟੋਡਰ ਮੱਲ ਦੇ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਣ ਜਾਣ ਤੋਂ ਬਾਅਦ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਲੜਕੇ ਸੁਖਬੀਰ ਸਿੰਘ ਦੇ ਪਿਤਾ ਪਿਤਾ ਪਰਮਜੀਤ ਸਿੰਘ ਵਾਸੀ ਕੋਟ ਟੋਡਰ ਮੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਲੜਕਾ ਸੁਖਬੀਰ ਸਿੰਘ ਉਮਰ ਕਰੀਬ 22 ਸਾਲ ਜੋ ਕਿ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਮਿਤੀ 1 ਅਕਤੂਬਰ 2024 ਨੂੰ ਦੁਪਹਿਰ ਸਮੇਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਸੜਕ ਪਾਰ ਕਰ ਰਿਹਾ ਸੀ ਤਾਂ ਵਾਹਨ ਵੱਲੋਂ ਟੱਕਰ ਮਾਰ ਦਿੱਤੀ ਗਈ।
ਇਸ ਤੋਂ ਬਾਅਦ ਉਸ ਨੂੰ ਟੋਰਾਂਟੋ ਤੇ ਵੱਡੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਉਸਦੇ ਸਿਰ ਤੇ ਗੰਭੀਰ ਸੱਟ ਵੱਜੀ ਸੀ ਜਿਸ ਕਾਰਨ ਉਸ ਦੀ 6 ਅਕਤੂਬਰ 2024 ਨੂੰ ਮੌਤ ਹੋ ਗਈ। ਸੁਖਬੀਰ ਦੇ ਪਿਤਾ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪੁੱਤਰ ਦੇ ਅੰਤਿਮ ਸਸਕਾਰ ਲਈ ਕਨੇਡਾ ਦਾ ਵੀਜਾ ਅਪਲਾਈ ਕੀਤਾ ਹੈ ਪਰ ਪਿਛਲੇ ਦਿਨਾਂ ਤੋਂ ਉਸ ਨੂੰ ਕੈਨੇਡਾ ਅੰਬੈਸੀ ਤੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਉਹ ਆਪਣੇ ਬੇਟੇ ਦਾ ਅੰਤਿਮ ਸਸਕਾਰ ਉਥੇ ਜਾ ਕੇ ਕਰਨਾ ਚਾਹੁੰਦਾ ਹੈ ਤੇ ਕਾਨੂੰਨੀ ਕਾਰਵਾਈ ਵੀ ਪੂਰੀ ਕਰਨੀ ਚਾਹੁੰਦਾ ਹੈ ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ।
ਪਰਮਜੀਤ ਸਿੰਘ ਖੁਦ ਵੀ ਆਬੂ ਧਾਬੀ ਵਿਖੇ ਕਾਰਪੈਂਟਰ ਦਾ ਕੰਮ ਕਰਦਾ ਹੈ ਤੇ ਜਿਸ ਦਿਨ ਉਸਦੀ ਬੇਟੇ ਦੀ ਮੌਤ ਦੀ ਸੂਚਨਾ ਉਸਨੂੰ ਮਿਲੀ ਤਾਂ ਉਹ ਆਪਣੇ ਪਿੰਡ ਕੋਟ ਟੋਡਰ ਮੱਲ ਆ ਗਿਆ ਹੈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਉਸ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਕੈਨੇਡਾ ਦਾ ਜਲਦੀ ਤੋਂ ਜਲਦੀ ਵੀਜ਼ਾ ਪ੍ਰਾਪਤ ਕਰਵਾ ਕੇ ਦਿੱਤਾ ਜਾਵੇ ਇਹ ਇਸ ਵਾਸਤੇ ਉਸਨੇ ਮੁੱਖ ਮੰਤਰੀ ਪੰਜਾਬ ਸਮੇਤ ਪ੍ਰਸ਼ਾਸਨ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ। ਸੁਖਬੀਰ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੇ ਕਨੇਡਾ ਭੇਜਣ ਲਈ ਆਪਣੇ ਪੁੱਤਰ ਤੇ ਲੱਖਾਂ ਰੁਪਏ ਖਰਚ ਕੀਤੇ ਸਨ ਤੇ ਉਸਦਾ ਇਕਲੌਤਾ ਪੁੱਤ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਸੁਖਬੀਰ ਦੋ ਭੈਣਾਂ ਦਾ ਇਕਲੋਤਾ ਭਰਾ ਸੀ।