- ਅਣਪਛਾਤੇ ਵਾਹਨ ਨੇ ਮਾਰੀ ਟੱਕਰ
- ਗੁਰਦਾਸਪੁਰ ਦੇ ਪਿੰਡ ਡੁੱਡੀਪੁਰ ਦਾ ਰਹਿਣ ਵਾਲਾ ਸੀ ਗੁਰਵਿੰਦਰ ਸਿੰਘ
- 3 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼
ਗੁਰਦਾਸਪੁਰ, 24 ਜਨਵਰੀ 2024 – ਅੰਮ੍ਰਿਤਸਰ-ਗੁਰਦਾਸਪੁਰ ਰੋਡ ‘ਤੇ ਸਥਿਤ ਪਿੰਡ ਡੁੱਡੀਪੁਰ ਦੇ ਨੌਜਵਾਨ ਦੀ ਅਮਰੀਕਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ 3 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਅਤੇ ਉਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਵਿਧਵਾ ਮਾਂ, ਇੱਕ ਭੈਣ, ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ।
ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੁੱਤਰ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ।
ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਹਰਵਿੰਦਰ ਕੌਰ ਅਤੇ ਮਾਤਾ ਦਿਲਰਾਜ ਕੌਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ (30 ਸਾਲ) ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਜੋ ਕਰੀਬ 3 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਖੇ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਅਤੇ ਉਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।
ਕੱਲ੍ਹ ਉਹ ਕਿਸੇ ਕੰਮ ਲਈ ਜਾ ਰਿਹਾ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਗੁਰਵਿੰਦਰ ਸਿੰਘ ਦਾ ਪਿਤਾ ਪੰਜਾਬ ਰੋਡਵੇਜ਼ ਵਿੱਚ ਨੌਕਰੀ ਕਰਦਾ ਸੀ ਅਤੇ ਸੇਵਾਮੁਕਤੀ ਤੋਂ ਬਾਅਦ ਪੈਸੇ ਲਗਾ ਕੇ ਆਪਣੇ ਪੁੱਟ ਨੂੰ ਵਿਦੇਸ਼ ਭੇਜ ਦਿੱਤਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਦੀ ਵੀ ਵਿਦੇਸ਼ ਜਾਣ ਤੋਂ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ ਸੀ। ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਜਲਦੀ ਭਾਰਤ ਭੇਜਿਆ ਜਾਵੇ, ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰ ਸਕਣ।