ਸੁਲਤਾਨਪੁਰ ਲੋਧੀ 20 ਫਰਵਰੀ 2025 – ਇੰਗਲੈਂਡ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਦੇ ਮੈਂਬਰ ਪੰਚਾਇਤ ਜਸਵੰਤ ਵਿਰਲੀ ਨੇ ਦੱਸਿਆ ਕਿ ਨੌਜਵਾਨ ਹਰਮਨਜੋਤ ਸਿੰਘ (23) ਪੁੱਤਰ ਸਵਰਗੀ ਕੁਲਵੰਤ ਸਿੰਘ ਵਾਸੀ ਲੱਖਣ ਕੇ ਪੱਡਾ (ਕਪੂਰਥਲਾ) ਪਿਛਲੇ ਤਕਰੀਬਨ ਡੇਢ ਸਾਲ ਤੋ ਇੰਗਲੈਂਡ ਦੇ ਸ਼ਹਿਰ ਹੈਡਰਸਫੀਲਡ ਚ ਰਹਿੰਦਾ ਸੀ ਤੇ ਦੱਸ ਕੁ ਦਿਨ ਪਹਿਲਾਂ ਉਕਤ ਨੌਜਵਾਨ ਉਥੇ ਰਹਿੰਦੇ ਜਾਣਕਾਰਾਂ ਨੂੰ ਸ਼ੱਕੀ ਹਲਾਤ ਵਿੱਚ ਜ਼ਖਮੀ ਹਾਲਤ ਮਿਲਿਆ ਤੇ ਉਨ੍ਹਾਂ ਪੁਲਿਸ ਦੀ ਮਦਦ ਨਾਲ ਸਥਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ। ਪਰ ਅੱਜ ਸਵੇਰੇ ਉੱਥੋਂ ਫੋਨ ਆਇਆ ਕਿ ਹਰਮਨਜੋਤ ਦੀ ਮੌਤ ਹੋ ਗਈ ਹੈ।
ਜਸਵੰਤ ਵਿਰਲੀ ਨੇ ਦੱਸਿਆ ਕਿ ਹੁਣ ਪਿੱਛੇ ਪਰਿਵਾਰ ‘ਚ ਇਕੱਲੀ ਉਸਦੀ ਮਾਂ ਕੁਲਬੀਰ ਕੌਰ ਤੇ ਉਸਦੀ ਵੱਡੀ ਭੈਣ ਜੋ ਕਿ ਕੈਨੇਡਾ ਵਿੱਚ ਰਹਿੰਦੀ ਹੈ। ਮ੍ਰਿਤਕ ਨੌਜਵਾਨ ਦੀ ਮਾਂ ਨੇ ਸ਼ੱਕ ਜਿਤਾਇਆ ਹੈ ਕਿ ਇਸਦੀ ਮੌਤ ਪਿਛੇ ਕੋਈ ਡੂੰਘੀ ਸਾਜਿਸ਼ ਹੈ ਤੇ ਇਸਦੀ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਭਾਰਤ ਤੇ ਪੰਜਾਬ ਸਰਕਾਰ ਕੋਲੋ ਮਦਦ ਦੀ ਗੁਹਾਰ ਲਾਉਦੇ ਆਖਿਆ ਕਿ ਉਸ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।

