ਹੁਸ਼ਿਆਰਪੁਰ, 8 ਅਗਸਤ 2025: ਇਟਲੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਹੁਸ਼ਿਆਰਪੁਰ ਦੇ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸੈਣੀ (30) ਸਾਲਾ ਵਾਸੀ ਪਿੰਡ ਸਲੇਮਪੁਰ ਵਜੋਂ ਹੋਈ ਹੈ, ਜੋ ਘਰ ਦੀ ਗਰੀਬੀ ਦੂਰ ਕਰਨ ਲਈ ਅੱਜ ਤੋਂ ਕੁਝ ਸਾਲ ਪਹਿਲਾਂ ਇਟਲੀ ਗਿਆ ਸੀ। ਜਿਵੇਂ ਹੀ ਸੰਦੀਪ ਦੀ ਮੌਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ‘ਤੇ ਦੁੱਖ਼ਾਂ ਦਾ ਪਹਾੜ ਟੁੱਟ ਗਿਆ।
ਸੰਦੀਪ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਇਟਲੀ ਆਪਣੀ ਭੈਣ ਕੋਲ ਗਿਆ ਸੀ ਅਤੇ ਉਥੇ ਵਧੀਆ ਕੰਮ ਕਾਰ ਕਰਦਾ ਸੀ। 28 ਤਾਰੀਖ਼ ਨੂੰ ਜਦੋਂ ਉਹ ਕੰਮ ਤੋਂ ਘਰ ਜਾਣ ਲਈ ਨਿਕਲਿਆ ਤਾਂ ਘਰ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਉਸ ਦੀ ਭੈਣ ਅਤੇ ਉਸ ਦੇ ਜੀਜੇ ਨੇ ਇਸ ਸਬੰਧੀ ਰਿਪੋਰਟ ਥਾਣੇ ਵਿਚ ਦਰਜ ਕਰਵਾਈ। ਇਟਲੀ ਦੀ ਪੁਲਸ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਤਿੰਨ ਤਾਰੀਖ਼ ਨੂੰ ਮੰਦਭਾਗੀ ਖ਼ਬਰ ਆਈ ਕਿ ਇਕ ਨੌਜਵਾਨ ਦੀ ਲਾਸ਼ ਇਟਲੀ ਦੇ ਜੰਗਲਾਂ ਵਿੱਚ ਪਈ ਹੈ। ਸੂਚਨਾ ਮਿਲਣ ‘ਤੇ ਜਦੋਂ ਉਸ ਦੀ ਭੈਣ ਨੇ ਜਾ ਕੇ ਉਸ ਦੀ ਸ਼ਨਾਖ਼ਤ ਕੀਤੀ ਤਾਂ ਉਹ ਮ੍ਰਿਤਕ ਦੇਹ ਸੰਦੀਪ ਦੀ ਹੀ ਸੀ। ਰੱਖੜੀ ਦੇ ਤਿਉਹਾਰ ਮੌਕੇ ਸੰਦੀਪ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਪਈ।
ਸੰਦੀਪ ਦੇ ਤਾਇਆ ਨੇ ਦੱਸਿਆ ਕਿ ਸੰਦੀਪ ਦਾ ਕਦੇ ਵੀ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ। ਸੰਦੀਪ ਆਪਣੇ ਪਿੱਛੇ ਆਪਣੇ ਮਾਂ-ਪਿਓ ਨੂੰ ਛੱਡ ਗਿਆ ਹੈ। ਸੰਦੀਪ ਦਾ ਪਰਿਵਾਰ ਅਤੇ ਪੂਰਾ ਪਿੰਡ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਸੰਦੀਪ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ ਕਰ ਰਿਹਾ ਹੈ ਤਾਂ ਜੋ ਉਸ ਦੇ ਮਾਤਾ-ਪਿਤਾ ਆਖਰੀ ਵਾਰ ਉਸ ਦਾ ਚਿਹਰਾ ਵੇਖ ਸਕਣ।

